600 ਚਾਈਨਾ ਡੋਰ ਦੇ ਗੱਟੂਆਂ ਸਮੇਤ ਮੁੱਖ ਸਪਲਾਇਰ ਗ੍ਰਿਫਤਾਰ
ਪਟਿਆਲਾ ਪੁਲਸ ਨੇ ਚਾਈਨਾ ਡੋਰ ਦੇ ਮੁੱਖ ਸਪਲਾਇਰ ਨੂੰ 600 ਚਾਈਨਾ ਡੋਰ ਦੇ ਗੱਟੂਆਂ ਸਮੇਤ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਦਾ ਮੁੱਖ ਸਪਲਾਇਰ ਲੱਡੂ ਪਤੰਗਾਂ ਵਾਲਾ ਵਾਸੀ ਲੁਧਿਆਣਾ ਹੈ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਸ਼ੀਸ਼ ਮਾਹਿਲ ਕਾਲੋਨੀ ਪਟਿਆਲਾ ਦੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਜ਼ਖਮੀ ਹੋ ਗਿਆ ਸੀ ਅਤੇ ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਅਮਨਜੋਤ ਸਿੰਘ ਪੁੱਤਰ ਜਤਿੰਦਰ ਸਿੰਘ ਉਰਫ ਸੋਨੂੰ ਵਾਸੀ ਤੋਪਖਾਨਾ ਮੋਡ਼ ਪਟਿਆਲਾ ਨੂੰ 1 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੇਨ ਸਪਲਾਇਰ ਜੋਨੀ ਉਰਫ ਲੱਡੂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ।
ਐੱਸ. ਐੱਸ. ਪੀ. ਪਟਿਆਲਾ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਥਾਣਾ ਕੋਤਵਾਲੀ ਅਤੇ ਥਾਣਾ ਡਵੀਜ਼ਨ ਨੰ-2 ਦੀ ਪੁਲਸ ਨੇ ਜੋਨੀ ਉਫਰ ਲੱਡੂ ਹੀਰਾ ਬਾਗ ਨੂੰ ਘੋਡ਼ੇ ਵਾਲਾ ਚੌਕ ਵੱਡੀ ਨਦੀ ਰਾਜਪੁਰਾ ਰੋਡ ਪਟਿਆਲਾ ਦੇ ਕੋਲ ਤੋਂ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ ’ਤੇ 600 ਗੱਟੂ ਅਸਲ ਚਾਈਨਾ ਡੋਰ ਦੇ ਬਰਾਮਦ ਕੀਤੇ।
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਤੋਂ ਹੋਰ ਡੁੰੂਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਹੋਰ ਖੁਲਾਸੇ ਹੋ ਸਕਣ। ਇਥੇ ਇਹ ਦੱਸਣਯੋਗ ਹੈ ਕਿ ਚਾਈਨਾ ਡੋਰ ਦੇ ਮਾਮਲੇ ਵਿਚ ਹੁਣ ਤੱਕ ਪਟਿਆਲਾ ਪੁਲਸ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
