ਗੈਂਗਸਟਰਾਂ ਨੇ ਲੋਹੜੀ ਵਾਲੇ ਦਿਨ ਡੇਰਾ ਬਾਬਾ ਨਾਨਕ ’ਚ ਦੁਕਾਨਦਾਰ ’ਤੇ ਕੀਤੀ ਸੀ ਫਾਇਰਿਗ : ਐੱਸ. ਐੱਸ. ਪੀ. ਬਟਾਲਾ
ਬਟਾਲਾ : ਜ਼ਿਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ’ਚ ਦੋ ਗੈਂਗਸਟਰਾਂ ਨੂੰ ਹਥਿਆਰਾਂ ਦੀ ਰਿਕਵਰੀ ਕਰਵਾਉਣ ਲਈ ਲੈ ਕੇ ਗਈ ਪੁਲਸ ਪਾਰਟੀ ’ਤੇ ਗੈਂਗਸਟਰਾਂ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਪਾਰਟੀ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਦੋਵੇ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ।

ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ 17 ਨਵੰਬਰ 2024 ਨੂੰ ਗੈਂਗਸਟਰ ਜੀਵਨ ਫੌਜੀ ਵੱਲੋਂ ਡੇਰਾ ਬਾਬਾ ਨਾਨਕ ਵਿਚ ਇਕ ਵਪਾਰੀ ਤੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸਦੇ ਚਲਦਿਆਂ ਪੁਲਸ ਵੱਲੋਂ ਥਾਣਾ ਡੇਰਾ ਬਾਬਾ ਨਾਨਕ ’ਚ ਗੈਂਗਸਟਰ ਜੀਵਨ ਫੌਜੀ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ 13 ਜਨਵਰੀ ਲੋਹੜੀ ਵਾਲੇ ਦਿਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਵਿਅਕਤੀਆਂ ਵੱਲੋਂ ਉਕਤ ਵਪਾਰੀ ਦੀ ਦੁਕਾਨ ’ਤੇ ਫਾਇਰਿੰਗ ਕੀਤੀ ਗਈ ਸੀ, ਜਿਸਦੇ ਸਬੰਧ ’ਚ ਪੁਲਸ ਵੱਲੋਂ ਮੁਕੱਦਮਾ ਥਾਣਾ ਡੇਰਾ ਬਾਬਾ ਨਾਨਕ ’ਚ ਦਰਜ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਐੱਸ. ਪੀ. ਡੀ. ਗੁਰਪ੍ਰਤਾਪ ਸਿੰਘ ਸਹੋਤਾ ਦੀ ਨਿਗਰਾਨੀ ’ਚ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਜੋਗਾ ਸਿੰਘ ਅਤੇ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਇਸ ਦੌਰਾਨ ਪੁਲਸ ਵੱਲੋਂ ਇਸ ਮਾਮਲੇ ਨੂੰ ਟਰੇਸ ਕਰਦੇ ਹੋਏ 2 ਵਿਅਕਤੀਆਂ ਸਰਬਜੀਤ ਸਿੰਘ ਉਰਫ ਸੱਬਾ ਵਾਸੀ ਮਲੂਕਵਾਲੀ ਥਾਣਾ ਫਤਿਹਗੜ੍ਹ ਚੂੜੀਆਂ ਅਤੇ ਸੁਨੀਲ ਮਸੀਹ ਉਰਫ ਲੱਬਾ ਵਾਸੀ ਸ਼ਾਹਪੁਰ ਜਾਜਨ ਥਾਣਾ ਡੇਰਾ ਬਾਬਾ ਨਾਨਕ ਨੂੰ ਨਾਮਜ਼ਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਰਬਜੀਤ ਸਿੰਘ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ, ਜਦਕਿ ਸੁਨੀਲ ਮਸੀਹ, ਜੋ ਕੇ ਗੁਜਰਾਤ ’ਚ ਲੁੱਕਿਆ ਹੋਇਆ ਸੀ, ਨੂੰ ਬਟਾਲਾ ਪੁਲਸ ਵੱਲੋਂ ਗੁਜਰਾਤ ਪੁਲਸ ਦੇ ਨਾਲ ਤਾਲਮੇਲ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਸਰਬਜੀਤ ਸਿੰਘ ਤੋਂ ਇਕ ਪਿਸਤੌਲ ਬਰਾਮਦ ਕੀਤਾ ਸੀ, ਜਦਕਿ ਇਕ ਪਿਸਤੌਲ ਦੀ ਬਰਾਮਦਗੀ ਅਜੇ ਬਾਕੀ ਸੀ।
ਉਨ੍ਹਾਂ ਕਿਹਾ ਕਿ ਅੱਜ ਜਦ ਪੁਲਸ ਪਾਰਟੀ ਉਕਤ ਦੋਵਾਂ ਗੈਂਗਸਟਰਾਂ ਨੂੰ ਨਾਲ ਲੈ ਕੇ ਡੇਰਾ ਬਾਬਾ ਨਾਨਕ ’ਚ ਪਿਸਤੌਲ ਦੀ ਰਿਕਵਰੀ ਕਰਵਾਉਣ ਲਈ ਲੈ ਕੇ ਆਈ ਤਾਂ ਉਕਤ ਗੈਂਗਸਟਰਾਂ ਨੇ ਉਸੇ ਪਿਸਤੌਲ ਨਾਲ ਪੁਲਸ ’ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਰਵਾਈ ’ਚ ਉਕਤ ਦੋਵੇਂ ਗੈਂਗਸਟਰ ਗੋਲੀ ਲੱਗਣ ਦੇ ਚਲਦਿਆਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਡੇਰਾ ਬਾਬਾ ਨਾਨਕ ਦੇ ਪ੍ਰਾਇਮਰੀ ਹੈਲਥ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
