ਪਟਿਆਲਾ : – ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸ ਐਸੋਸੀਏਸ਼ਨ ਦੇ ਸੱਦੇ ’ਤੇ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਦਫ਼ਤਰ ਛੋਟੀ ਬਾਰਾਦਰੀ ਪਟਿਆਲਾ ਦੇ ਸਾਹਮਣੇ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਸਤੀਸ਼ ਅਹਿਲਾਵਤ ਨੇ ਦੱਸਿਆ ਕਿ ਉੱਚ ਮੈਨੇਜਮੈਂਟ ਵੱਲੋਂ 1, 2 ਅਤੇ 3 ਕੈਟਾਗਰੀ ਦੇ ਉਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਦਾ ਮਤਾ ਰੱਖਿਆ ਹੈ, ਜਿਨ੍ਹਾਂ ਨੇ ਸ਼ਾਖਾ ਵਿਚ 3 ਸਾਲ, ਸਰਕਲ ਦਫ਼ਤਰ ਵਿਚ 6 ਸਾਲ ਤੇ ਜ਼ੋਨ ਵਿਚ 9 ਸਾਲ ਦੀ ਸੇਵਾ ਪੂਰੀ ਕਰ ਲਈ ਹੈ। ਇਸ ਦੇ ਉਲਟ ਪੰਜਾਬ ਨੈਸ਼ਨਲ ਬੈਂਕ ਵੱਲੋਂ 1 ਅਪ੍ਰੈਲ 2025 ਤੋਂ ਤਬਾਦਲਾ ਨੀਤੀ ’ਚ ਬਦਲਾਅ ਦਾ ਪ੍ਰਸਤਾਵ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸਰਜ਼ ਐਸੋਸੀਏਸ਼ਨ ਨੇ ਸ਼ੁਰੂ ਤੋਂ ਹੀ ਇਸ ਇਕਪਾਸਡ਼ ਨੀਤੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਸਤੀਸ਼ ਅਹਿਲਾਵਤ ਨੇ ਕਿਹਾ ਕਿ ਸਿਖਰਲੀ ਮੈਨੇਜਮੈਂਟ ਨੇ ਇਹ ਨਵੀਂ ਨੀਤੀ ਨਵੇਂ ਐੱਮ. ਡੀ. ਅਤੇ ਸੀ. ਈ. ਓ. ਦੇ ਸ਼ਾਮਲ ਹੋਣ ਤੋਂ ਬਾਅਦ ਸਕੇਲ 1, 2, 3 ਦੇ ਜੂਨੀਅਰ ਅਧਿਕਾਰੀਆਂ ਨੂੰ ਏ. ਆਈ. ਪੀ. ਐੱਨ. ਬੀ. ਓ. ਏ. ਨਾਲ ਵਿਚਾਰ ਵਟਾਂਦਰੇ ਤੋਂ ਬਿਨਾਂ ਹਟਾਉਣ ਲਈ ਲਿਆਂਦੀ ਹੈ, ਜੋ ਕਿ ਪੀ. ਐੱਨ. ਬੀ. ਦੀ ਬਹੁ-ਗਿਣਤੀ ਐਸੋਸੀਏਸ਼ਨ ਹੈ। ਮੈਨੇਜਮੈਂਟ ਦਾ ਇਹ ਫੈਸਲਾ ਪੱਖਪਾਤੀ ਹੈ ਅਤੇ ਯੋਗਤਾ ’ਤੇ ਨਹੀਂ ਹੈ।
ਇਸ ਨੀਤੀ ਦੇ ਲਾਗੂ ਹੋਣ ਨਾਲ ਸਾਰੇ ਜੂਨੀਅਰ ਕੇਡਰ ਦੇ ਅਧਿਕਾਰੀਆਂ ਖਾਸ ਕਰ ਕੇ ਮਹਿਲਾ ਅਧਿਕਾਰੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਦੁੱਖ ਝੱਲਣਾ ਪਵੇਗਾ।
ਏ. ਆਈ. ਪੀ. ਐੱਨ. ਬੀ. ਓ. ਏ. ਪਟਿਆਲਾ ਦੇ ਸਰਕਲ ਸਕੱਤਰ ਕਾਮਰੇਡ ਪੁਨੀਤ ਵਰਮਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਫਸਰ ਐਸੋਸੀਏਸ਼ਨ ਇਸ ਗੈਰ-ਵਾਜਬ ਨੀਤੀ ਨੂੰ ਸਵਿਕਾਰ ਨਹੀਂ ਕਰੇਗੀ ਕਿਉਂਕਿ ਲੰਬੇ ਸਮੇਂ ’ਚ ਇਹ ਨੀਤੀ ਅਧਿਕਾਰੀਆਂ ਨੂੰ ਨਾਖੁਸ਼ ਅਤੇ ਕਮਜ਼ੋਰ ਬਣਾ ਦਵੇਗੀ। ਇਹ ਤਰਕਹੀਣ ਨੀਤੀ ਬਹੁਤ ਸਾਰੇ ਤਜ਼ਰਬੇਕਾਰ ਅਧਿਕਾਰੀਆਂ ਨੂੰ ਵੀ. ਆਰ. ਐੱਸ. ਦੀ ਚੋਣ ਕਰਨ ਲਈ ਮਜਬੂਰ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਨੁਕਸਦਾਰ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਚੋਟੀ ਦੀ ਮੈਨੇਜਮੈਂਟ ਨੂੰ ਇਸ ਨਵੀਂ ਤਬਾਦਲਾ ਨੀਤੀ ਨੂੰ ਰੱਦ ਕਰਨ ਲਈ ਕਿਹਾ ਹੈ ਕਿਉਂਕਿ ਇਹ ਨੀਤੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰੇਗੀ, ਅਧਿਕਾਰੀਆਂ ਦੇ ਖੇਤਰੀ ਪ੍ਰਭਾਵ ਨੂੰ ਗੁਆ ਕੇ ਬੈਂਕ ਕਾਰੋਬਾਰ ਨੂੰ ਪ੍ਰਭਾਵਿਤ ਕਰੇਗੀ ਅਤੇ ਭਾਸ਼ਾਈ ਖੇਤਰ ਤੋਂ ਬਾਹਰ ਅਧਿਕਾਰੀਆਂ ਦੀ ਤਾਇਨਾਤੀ ਨੂੰ ਵੀ ਵਧਾਏਗੀ।
ਇਸੇ ਲਈ ਐਸੋਸੀਏਸ਼ਨ ਨੇ ਪੂਰੇ ਭਾਰਤ ਵਿਚ 27 ਮਾਰਚ 2025 ਦੀ ਅੱਧੀ ਰਾਤ ਤੋਂ 29 ਮਾਰਚ 2025 ਦੀ ਅੱਧੀ ਰਾਤ ਤੱਕ 48 ਘੰਟੇ ਦੀ ਲਗਾਤਾਰ ਹਡ਼੍ਹਤਾਲ ਕਰਨ ਦਾ ਪ੍ਰਸਤਾਵ ਰੱਖਿਆ।
ਇਸ ਮੌਕੇ ਐਸੋਸੀਏਸ਼ਨ ਦੀ ਸਰਕਲ ਪਟਿਆਲਾ ਦੀ ਸਾਰੀ ਚੁਣੀ ਹੋਈ ਟੀਮ ਨਵਸੁੱਖ ਸੇਠੀ, ਗੁਰਵਿੰਦਰ ਸਿੰਘ, ਸੰਜੇ ਮਿਗਲਾਨੀ, ਪਨੀਤ ਕੱਦ, ਕਪਿਲ ਸ਼ਰਮਾ, ਸੰਜੀਵ ਗਰਗ, ਸੁਰੇਸ਼ ਗੁਪਤਾ, ਚੇਤਨ ਸ਼ਰਮਾ, ਸੁਰਿੰਦਰ ਕੁਮਾਰ, ਸਾਰੀ ਕਾਰਜਕਾਰੀ ਟੀਮ ਅਤੇ ਸਰਕਲ ਪਟਿਆਲਾ ਦੇ 200 ਤੋਂ ਵੱਧ ਅਧਿਕਾਰੀ ਵੀ ਮੌਜੂਦ ਸਨ।
