ਪਿੰਡ ਪੱਖੋ ਕਲਾਂ ਦੇ ਇਕ ਘਰ ਵਿਚ ਧਮਾਕਾ, 3 ਛੱਤਾਂ ਉੱਡੀਆਂ

ਪਤੀ-ਪਤਨੀ ਜ਼ਖਮੀ, ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ

ਬਰਨਾਲਾ :   ਜਿਲਾ ਬਰਨਾਲਾ ਦੇ ਪਿੰਡ ਪੱਖੋ ਕਲਾਂ ’ਚ ਸਵੇਰੇ ਤਕਰੀਬਨ 3 ਵਜੇ ਵੱਡਾ ਧਮਾਕਾ ਹੋਣ ਨਾਲ ਸਨਸਨੀ ਫੈਲ ਗਈ। ਇਸ ਧਮਾਕੇ ਕਾਰਨ ਘਰ ਦੀਆਂ ਤਿੰਨ ਛੱਤਾਂ ਢਹਿ ਗਈਆਂ, ਜਦਕਿ ਘਰ ਦਾ ਮਾਲਕ ਹਰਮੇਲ ਸਿੰਘ ਅੱਗ ’ਚ ਝੁਲਸਣ ਕਰ ਕੇ ਹਸਪਤਾਲ ’ਚ ਦਾਖਲ ਹੋ ਗਿਆ, ਜਦਕਿ ਉਸ ਦੀ ਪਤਨੀ ਜਸਪਾਲ ਕੌਰ ਵੀ ਜ਼ਖਮੀ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦੀਆਂ ਤਿੰਨ ਛੱਤਾਂ ਅਤੇ ਕੰਧਾਂ ਢਹਿ ਗਈਆਂ। ਧਮਾਕੇ ਸਮੇਂ ਘਰ ’ਚ ਮਾਲਕ ਹਰਮੇਲ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਮੌਜੂਦ ਸਨ। ਧਮਾਕੇ ਕਾਰਨ ਅੰਦਰ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਦੌਰਾਨ ਹਰਮੇਲ ਸਿੰਘ ਝੁਲਸ ਗਿਆ। ਇਸ ਨੁਕਸਾਨ ਦਾ ਅਨੁਮਾਨ ਲੱਗਭਗ 8 ਲੱਖ ਰੁਪਏ ਦੱਸਿਆ ਜਾ ਰਿਹਾ ਹੈ।

ਅਜੇ ਤੱਕ ਧਮਾਕੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ। ਸ਼ੱਕ ਇਹ ਹੈ ਕਿ ਇਹ ਬਿਜਲੀ ਇਨਵਰਟਰ, ਗੈਸ ਲੀਕ ਜਾਂ ਕਿਸੇ ਹੋਰ ਤਕਨੀਕੀ ਕਾਰਨ ਕਰ ਕੇ ਹੋ ਸਕਦਾ ਹੈ। ਕੁਝ ਲੋਕ ਆਸਮਾਨੀ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਜਤਾ ਰਹੇ ਹਨ। ਪੁਲਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰ ਦਾ ਆਰਥਿਕ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਹਰਮੇਲ ਸਿੰਘ ਜੋ ਕਿ ਇਕ ਇਲੈਕਟ੍ਰੀਸ਼ੀਅਨ ਹੈ, ਇਲਾਜ ਹੇਠ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਤਾਂ ਜੋ ਪੀੜਤ ਪਰਿਵਾਰ ਆਪਣੀ ਜ਼ਿੰਦਗੀ ਦੁਬਾਰਾ ਪਟੜੀ ’ਤੇ ਲਿਆ ਸਕੇ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਰੂੜੇਕੇ ਕਲਾਂ ਦੇ ਐੱਸ. ਐੱਚ. ਓ. ਗੁਰਮੇਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਮੌਕੇ ’ਤੇ ਪਰਿਵਾਰਕ ਮੈਂਬਰਾਂ ਨਾਲ ਜਸਪਾਲ ਕੌਰ, ਭੋਲਾ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ ਸਮੇਤ ਕਿਸਾਨ ਜਥੇਬੰਦੀ ਦੇ ਆਗੂ ਅਤੇ ਹੋਰ ਪਿੰਡ ਵਾਸੀ ਮੌਜੂਦ ਰਹੇ।

Leave a Reply

Your email address will not be published. Required fields are marked *