ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਵਿਚ ਸੀਵਰੇਜ਼ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ

ਇਕ ਕਰੋੜ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਬਰਸਾਤੀ ਸੀਜ਼ਨ ਤੋਂ ਪਹਿਲਾਂ ਪੂਰਾ ਕਰਨ ਦੀ ਹਦਾਇਤ

ਸੰਗਰੂਰ : ਸੰਗਰੂਰ ਵਾਸੀਆਂ ਨੂੰ ਦਰਪੇਸ਼ ਸੀਵਰੇਜ਼ ਦੀ ਵੱਡੀ ਸਮੱਸਿਆ ਦਾ ਸਥਾਈ ਤੌਰ ‘ਤੇ ਹੱਲ ਕਰਨ ਦੇ ਉਦੇਸ਼ ਨਾਲ ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਪੁਨੀਆ ਟਾਵਰ ਤੋਂ ਡੀ.ਸੀ ਰਿਹਾਇਸ਼ ਰੋਡ ਤੱਕ ਨਵੀਂ ਸੀਵਰੇੇਜ਼ ਪਾਈਪਲਾਈਨ ਪਾਉਣ ਦੇ ਕੰਮ ਦਾ ਰਸਮੀ ਆਗਾਜ਼ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੌਰਾਨ ਅਕਸਰ ਸੀਵਰੇਜ਼ ਦਾ ਪਾਣੀ ਸਹੀ ਨਿਕਾਸੀ ਨਾ ਹੋਣ ਕਾਰਨ ਬੈਕ ਫਲੋਅ ਹੋ ਜਾਂਦਾ ਹੈ ਜਿਸ ਕਾਰਨ ਨਾਗਰਿਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਪੁਨੀਆ ਟਾਵਰ ਤੋਂ ਇਸ ਸੜਕ ਤੱਕ ਪਈ ਸੀਵਰੇਜ਼ ਪਾਈਪਲਾਈਨ ਬੈਠ ਚੁੱਕੀ ਹੈ ਜਿਸ ਕਾਰਨ 600 ਮੀਟਰ ਲੰਬਾਈ ਵਾਲੀ ਇਸ ਪਾਈਪਲਾਈਨ ਨੂੰ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਦੁਬਾਰਾ ਨਵੇਂ ਸਿਰਿਓ ਪਾਇਆ ਜਾ ਰਿਹਾ ਹੈ ਤਾਂ ਜ਼ੋ ਆਉਂਦੇ ਬਰਸਾਤੀ ਸੀਜ਼ਨ ਦੌਰਾਨ ਅਜਿਹੀ ਸਮੱਸਿਆ ਮੁੜ ਪੈਦਾ ਨਾ ਹੋ ਸਕੇ।

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਹ ਕੁਲ 20 ਕਰੋੜ ਦੀ ਲਾਗਤ ਵਾਲਾ ਪ੍ਰੋਜੈਕਟ ਹੈ ਜਿਸ ਤਹਿਤ ਕਰੀਬ 15.50 ਕਰੋੜ ਦੀ ਲਾਗਤ ਵਾਲਾ ਐਸ.ਟੀ.ਪੀ ਪ੍ਰੋਜੈਕਟ ਪਿੰਡ ਸਿਬੀਆ ਵਿਖੇ ਅਤੇ ਲਗਭਗ 5 ਕਰੋੜ ਦੀ ਲਾਗਤ ਵਾਲਾ ਪੰਪਿੰਗ ਸਟੇਸ਼ਨ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਬਣਨ ਨਾਲ ਸੰਗਰੂਰ ਸ਼ਹਿਰ ਦੇ ਨਿਵਾਸੀਆਂ ਦੀ ਸੀਵਰੇਜ਼ ਨਾਲ ਸਬੰਧਤ ਹਰ ਸਮੱਸਿਆ ਸਥਾਈ ਤੌਰ ਤੇ ਹੱਲ ਹੋ ਜਾਵੇਗੀ।

ਨਵੀਂ ਸੀਵਰੇਜ਼ ਪਾਈਪਲਾਈਨ ਪਾਉਣ ਮੌਕੇ ਜੇ.ਸੀ.ਬੀ ਮਸ਼ੀਨ ਰਾਹੀਂ ਟੱਕ ਲਗਵਾਇਆ ਗਿਆ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਇਸ ਕਾਰਜ ਦੀ ਨਿਰੰਤਰ ਨਿਗਰਾਨੀ ਕਰਦਿਆਂ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ।

ਇਸ ਮੌਕੇ ਸਮੂਹ ਪਾਰਟੀ ਆਗੂ ਤੇ ਕੌਂਸਲਰ ਵੀ ਮੌਜੂਦ ਸਨ।

Leave a Reply

Your email address will not be published. Required fields are marked *