ਨਗਰ ਨਿਗਮ ਦੇ ਮੁੱਖ ਡੰਪਿੰਗ ਗਰਾਊਂਡ ’ਚ ਲੱਗੀ ਅੱਗ

ਜ਼ਹਿਰੀਲੀਆਂ ਗੈਸਾਂ ਨਾਲ ਲੋਕਾਂ ਨੂੰ ਸਾਹ ਲੈਣ ’ਚ ਹੋਈ ਤਕਲੀਫ

ਪਟਿਆਲਾ :- ਸਨੌਰੀ ਅੱਡਾ ਸਥਿਤ ਨਗਰ ਨਿਗਮ ਦੇ ਕੂਡ਼ੇ ਦੇ ਮੁੱਖ ਡੰਪਿੰਗ ਗਰਾਊਂਡ ਵਿਚ ਮੰਗਲਵਾਰ ਨੂੰ ਅੱਗ ਲੱਗ ਗਈ, ਜੋ ਕਿ ਦਿਨ ਭਰ ਮਘਦੀ ਰਹੀ। ਸਾਰੇ ਸ਼ਹਿਰ ਦਾ ਕੂਡ਼ਾ ਨਗਰ ਨਿਗਮ ਵੱਲੋਂ ਸਨੌਰੀ ਅੱਡਾ ਦੇ ਮੁੱਖ ਡੰਪਿੰਗ ਗਰਾਊਂਡ ’ਚ ਸੁੱਟਿਆ ਜਾਂਦਾ ਹੈ, ਜਿਸ ਕਰ ਕੇ ਇਥੇ ਦਿੱਲੀ ਵਾਂਗ ਕੂਡ਼ੇ ਦੇ ਪਹਾਡ਼ ਬਣ ਗਏ ਹਨ।
ਇਸ ਤਰ੍ਹਾਂ ਦਿੱਲੀ ’ਚ ਵਡ਼ਦੇ ਹੀ ਲੋਕਾਂ ਨੂੰ ਕੂਡ਼ੇ ਦੇ ਪਹਾਡ਼ ਦੇਖਣ ਨੂੰ ਮਿਲਦੇ ਹਨ, ਉਸੇ ਤਰ੍ਹਾਂ ਜਦੋਂ ਪਹੇਵਾ ਦੇਵੀਗਡ਼੍ਹ ਰੋਡ ਤੋਂ ਪਟਿਆਲਾ ’ਚ ਐਂਟਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਲੋਕਾਂ ਨੂੰ ਕੂਡ਼ੇ ਦੇ ਪਹਾਡ਼ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਕੂਡ਼ੇ ਦੇ ਪਹਾਡ਼ਾਂ ’ਚ ਹੀ ਅੱਗ ਲੱਗਣ ਕਾਰਨ ਦਿਨ ਭਰ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਰਹੀਆਂ, ਜਿਸ ਕਾਰਨ ਅਰਾਈਮਾਜਰਾ, ਤੇਜ਼ਬਾਗ ਕਾਲੋਨੀ, ਮਾਰਕਲ ਕਾਲੋਨੀ, ਮਥੁਰਾ ਕਾਲੋਨੀ ਤੇ ਸਨੌਰੀ ਅੱਡੇ ਦੇ ਹੋਰ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ।
ਇਸ ਕੂਡ਼ੇ ਦੇ ਪਹਾਡ਼ ’ਚ ਗਿੱਲਾ-ਸੁੱਕਾ ਕੂਡ਼ਾ, ਪਲਾਸਟਿਕ, ਲਿਫਾਫੇ, ਕੱਚ ਅਤੇ ਹਰ ਤਰ੍ਹਾਂ ਦਾ ਗਾਰਬੇਜ਼ ਹੁੰਦਾ ਹੈ। ਜਦੋਂ ਇਕ ਵਾਰ ਇਸ ਪਹਾਡ਼ ’ਚ ਅੱਗ ਲੱਗ ਜਾਵੇ ਤਾਂ ਉਹ ਕਈ ਕਈ ਦਿਨ ਧੁਕਦੀ ਰਹਿੰਦੀ ਹੈ। ਉਸ ’ਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਰਹਿੰਦੀਆਂ ਹਨ। ਹਵਾ ਨਾਲ ਇਹ ਜ਼ਹਿਰੀਲੀਆਂ ਗੈਸਾਂ ਨਾਲ ਲੱਗਦੀਆਂ ਰਿਹਾਇਸ਼ੀ ਕਾਲੋਨੀਆਂ ’ਚ ਜਾਂਦੀਆਂ ਹਨ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ ਹੁੰਦੀ ਹੈ।
ਸੂਚਨਾ ਮਿਲਣ ’ਤੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਵੱਲੋਂ ਆਪਣੀਆਂ ਗੱਡੀਆਂ ਇੱਥੇ ਭੇਜ ਦਿੱਤੀਆਂ, ਜੋ ਕਿ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਅੱਗ ’ਤੇ ਕਾਬੂ ਪਾਉਣ ਲੱਗੀਆਂ ਰਹੀਆਂ। ਫਾਇਰ ਕਰਮਚਾਰੀ ਬਡ਼ੀ ਮੁਸ਼ਤੈਦੀ ਨਾਲ ਅੱਗ ਬੁਝਾਉਣ ਲੱਗੇ ਰਹੇ। ਪਾਣੀ ਦੀਆਂ ਕਈ ਗੱਡੀਆਂ ਲੱਗ ਗਈਆਂ ਪਰ ਦੇਰ ਸ਼ਾਮ ਤੱਕ ਇਹ ਅੱਗ ਜਲਦੀ ਰਹੀ।
ਬੇਸ਼ੱਕ ਅੱਗ ’ਤੇ ਕੰਟਰੋਲ ਕਰ ਲਿਆ ਗਿਆ ਪਰ ਫਿਰ ਵੀ ਧੂੰਆਂ ਨਿਕਲਦਾ ਰਿਹਾ। ਫਾਇਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੂਡ਼ੇ ਦੀ ਅੱਗ ਕਾਫੀ ਡੂੰਘੀ ਚਲੀ ਜਾਂਦੀ ਹੈ, ਜਿਸ ਕਾਰਨ ਇਹ ਧੁਕਦੀ ਰਹਿੰਦੀ ਹੈ ਅਤੇ ਫਿਰ ਤੋਂ ਭਡ਼ਕ ਸਕਦੀ ਹੈ, ਇਸ ਲਈ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਇਲਾਕੇ ’ਚ ਪੁੱਡਾ ਵੱਲੋਂ ਬਣਾਈ ਗਈ ਸਨੀ ਇਨਕਲੇਵ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕੂਡ਼ੇ ਦੇ ਪਹਾਡ਼ਾਂ ’ਚੋਂ ਬਹੁਤ ਹੀ ਗੰਦੀ ਹਵਾ ਆਉਂਦੀ ਹੈ। ਬਦਬੂ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ। ਜਦੋਂ ਵੀ ਹਵਾ ਦਾ ਰੁਖ ਕਾਲੋਨੀਆਂ ਵੱਲ ਨੂੰ ਹੁੰਦਾ ਹੈ ਤਾਂ ਲੋਕਾਂ ਦਾ ਘਰਾਂ ’ਚ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਅੱਗ ਲੱਗਣ ਕਾਰਨ ਕਈ ਦਿਨ ਇਹ ਧੂੰਆਂ ਲੋਕਾਂ ਨੂੰ ਪ੍ਰੇਸ਼ਾਨ ਕਰੇਗਾ। ਬਜ਼ੁਰਗਾਂ ਤੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਹੋਵੇਗੀ। ਇਨ੍ਹਾਂ ਕੂਡ਼ੇ ਦੇ ਢੇਰਾਂ ਕਾਰਨ ਇਲਾਕੇ ਦੇ ਲੋਕਾਂ ਨੂੰ ਸਾਹ ਅਤੇ ਦਮੇ ਦੀ ਸਮੱਸਿਆ ਹੋ ਗਈ ਹੈ। ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਇਸ ਇਲਾਕੇ ’ਚ ਬੀਮਾਰੀ ਫੈਲ ਸਕਦੀ ਹੈ।

Leave a Reply

Your email address will not be published. Required fields are marked *