ਵਡੋਦਰਾ : ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਇੱਕ ਵਿਦਿਅਕ ਸੰਸਥਾ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਸੂਚਨਾ ਮਿਲੀ ਹੈ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ।
ਇੱਕ ਅਧਿਕਾਰੀ ਦੇ ਅਨੁਸਾਰ ਨਵਰਚਨਾ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਨੇ ਪੁਲਸ ਕੰਟਰੋਲ ਰੂਮ ਨੂੰ ਭਾਇਲੀ-ਵਾਸਨਾ ਰੋਡ ‘ਤੇ ਸਥਿਤ ਸਕੂਲ ਦੇ ਅਧਿਕਾਰਤ ਈਮੇਲ ‘ਤੇ ਭੇਜੇ ਗਏ ਬੰਬ ਦੀ ਧਮਕੀ ਬਾਰੇ ਸੂਚਿਤ ਕੀਤਾ ਸੀ। ਜਾਣਕਾਰੀ ਮਿਲਣ ਤੋਂ ਬਾਅਦ ਵਡੋਦਰਾ ਪੁਲਸ ਨੇ ਸ਼ੁੱਕਰਵਾਰ ਸਵੇਰੇ ਕਾਰਵਾਈ ਕੀਤੀ।
ਵਡੋਦਰਾ ਦੇ ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਜੀ.ਬੀ. ਬੰਭਾਨੀਆ ਨੇ ਕਿਹਾ, “ਵਡੋਦਰਾ ਵਿੱਚ ਨਵਰਚਨਾ ਸਿੱਖਿਆ ਸੰਸਥਾਨ ਦੇ ਦੋ ਹੋਰ ਸਕੂਲ ਵੀ ਹਨ। ਪੁਲਸ ਨੇ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕੁਐਡ (ਬੀਡੀਡੀਐਸ), ਡੌਗ ਸਕੁਐਡ ਅਤੇ ਸਾਈਬਰ ਕ੍ਰਾਈਮ ਬ੍ਰਾਂਚ ਦੇ ਨਾਲ ਮਿਲ ਕੇ ਇਨ੍ਹਾਂ ਤਿੰਨਾਂ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਭਰੇ ਈਮੇਲ ਮਿਲਣ ਤੋਂ ਬਾਅਦ ਤਿੰਨੋਂ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਸਕੂਲਾਂ ਵਿੱਚੋਂ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ।
ਅਧਿਕਾਰੀ ਨੇ ਕਿਹਾ ਕਿ ਈਮੇਲ ਇੱਕ ਅਣਜਾਣ ਆਈਡੀ ਤੋਂ ਭੇਜੀ ਗਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਨਵਰਚਨਾ ਸਕੂਲ ਦੀ ਡਰੇਨੇਜ ਲਾਈਨ ਵਿੱਚ ਬੰਬ ਰੱਖਿਆ ਗਿਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਸਾਰ ਸਾਡੀਆਂ ਟੀਮਂ ਤੁਰੰਤ ਤਿੰਨ ਨਵਰਾਚਨਾ ਸਕੂਲਾਂ ਵਿੱਚ ਪਹੁੰਚ ਗਈਆਂ, ਜਿਹਨਾਂ ਨੇ ਬੰਬ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਧਮਕੀ ਅਤੇ ਤਲਾਸ਼ੀ ਮੁਹਿੰਮ ਦੇ ਮੱਦੇਨਜ਼ਰ, ਸਕੂਲ ਪ੍ਰਬੰਧਨ ਨੇ ਇਨ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਤਿੰਨ ਘੰਟੇ ਚੱਲੇ ਤਲਾਸ਼ੀ ਅਭਿਆਨ ਦੌਰਾਨ ਸਕੂਲ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਹੁਣ ਈਮੇਲ ਭੇਜਣ ਵਾਲੇ ਦੇ ਆਈਪੀ ਐਡਰੈੱਸ ਦੀ ਜਾਂਚ ਕਰ ਰਹੀ ਹੈ।
ਸਾਮਾ ਦੇ ਨਵਰਚਨਾ ਸਕੂਲ ਦੇ ਪ੍ਰਸ਼ਾਸਕ ਬੀਜੂ ਕੁਰੀਅਨ ਨੇ ਪੁਸ਼ਟੀ ਕੀਤੀ ਕਿ ਖ਼ਤਰੇ ਦੇ ਮੱਦੇਨਜ਼ਰ ਤਿੰਨੋਂ ਸਕੂਲਾਂ ਵਿੱਚ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਨ ‘ਤੇ ਇਹ ਧਮਕੀ ਬਾਅਦ ਵਿੱਚ ਝੂਠੀ ਸਾਬਤ ਹੋਈ। ਇਸ ਗੱਲ ਦਾ ਖ਼ੁਲਾਸਾ ਅਧਿਕਾਰੀਆਂ ਵਲੋਂ ਕੀਤਾ ਗਿਆ ਹੈ।
