ਪੁਲਿਸ ਹਿਰਾਸਤ ਵਿਚ 200 ਤੋਂ ਵਧ ਕਿਸਾਨਾਂ ਨੇ ਕੀਤੀ ਭੁੱਖ ਹੜਤਾਲ ਸ਼ੁਰੂ
ਪਟਿਆਲਾ : ਅੱਜ ਕਿਸਾਨ ਨੇਤਾਵਾਂ ਨੇ ਮੀਟਿੰਗ ਕਰ ਕੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਿਸਵਾਸ਼ਘਾਤ ਕੀਤਾ ਹੈ, ਜਿਸ ਕਾਰਨ ਹੁਣ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਲਈ ਪੁਲਿਸ ਹਿਰਾਸਤ ਵਿਚ ਹੀ ਮਰਨ ਵਰਤ ਜਾਰੀ ਰੱਖਣਗੇ ਤੇ ਉਨ੍ਹਾਂ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਨ ਤੋਂ ਬਾਅਦ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਨਾਂ ਨੂੰ ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨਿਆ ਗਿਆ ਹੈ ਅਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਉਹਨਾਂ ਨੂੰ ਲਾਗੂ ਕਰਨ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲੱਗੇ ਹੋਏ ਮੋਰਚੇ ਉੱਪਰ ਹਮਲਾ ਕਰਕੇ 80, 80 ਸਾਲ ਦੇ ਬਜ਼ੁਰਗਾਂ ਉੱਪਰ ਜ਼ੁਲਮ ਕੀਤਾ ਗਿਆ।
ਕਿਸਾਨ ਆਗੂਆਂ ਦੱਸਿਆ ਕਿ ਬਾਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਅਤੇ ਉਹਨਾਂ ਰਹਿਣ ਬਸੇਰਿਆਂ ਵਿੱਚ ਜੋ ਕਿਸਾਨਾਂ ਦਾ ਕੀਮਤੀ ਸਮਾਨ ਪਿਆ ਸੀ ਉਸ ਦੀ ਤੋੜ ਭੰਨ ਕੀਤੀ ਗਈ ਅਤੇ ਪੰਜਾਬ ਪੁਲਿਸ ਦੀ ਨਿਗਰਾਨੀ ਵਿੱਚ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕੀਮਤੀ ਸਮਾਨ ਫਰਿਜ, ਕੂਲਰ, ਏਸੀ, ਇਨਵਾਈਟਰ, ਬਿਸਤਰੇ ਮੰਜੇ ਆਦਿ ਲੱਖਾਂ ਰੁਪਏ ਦਾ ਸਾਮਾਨ ਗਾਇਬ ਹੋ ਰਿਹਾ ਅਤੇ ਪੁਲਸ ਵੱਲੋਂ ਮੋਰਚੇ ਵਿੱਚ ਖੜੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦਾ ਭਾਰੀ ਨੁਕਸਾਨ ਕੀਤਾ ਗਿਆ ਕਿਸਾਨਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਜਿੰਮੇਵਾਰ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹੋਵੇਗੀ।
ਗ੍ਰਿਫਤਾਰੀਆਂ ਅਤੇ ਮੋਰਚਿਆਂ ਨੂੰ ਖਤਮ ਕਰਨ ਦੇ ਰੋਸ ਵਜੋਂ ਥਾਂ-ਥਾਂ ਪ੍ਰਦਰਸ਼ਨ
ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰ ਕੇ ਦਿੱਤੇ ਧੋਖੇ ਦੇ ਰੋਸ ਵਜੋਂ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਪੰਜਾਬ ਹਰਿਆਣਾ ਅਤੇ ਦੇਸ਼ ਭਰ ਵਿਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਨੂੰ ਲੋਕਤੰਤਰ ਦਾ ਘਾਣ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਇਹ ਲੜਾਈ ਕੇਂਦਰ ਸਰਕਾਰ ਨਾਲ ਸੀ ਪਰ ਹੁਣ ਇਹਦੇ ’ਚ ਭਾਗੀਦਾਰ ਪੰਜਾਬ ਸਰਕਾਰ ਵੀ ਹੋ ਚੁੱਕੀ ਹੈ ਅਤੇ ਇਸ ਲਈ ਹੁਣ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ ਤੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕਰਦੇ ਹੋਏ ਉਨ੍ਹਾਂ ਨੂੰ ਮੀਟਿੰਗ ’ਚ ਸੱਦ ਕੇ ਧੋਖੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਉਧਰ ਦੂਸਰੇ ਪਾਸੇ ਪੰਜਾਬ ਪੁਲਸ ਦਾ ਰਵੱਈਆ ਅੱਜ ਵੀ ਸਖਤ ਰਿਹਾ। ਉਨ੍ਹਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਹੈ।
