ਡੱਲੇਵਾਲ ਦਾ 52 ਦਿਨਾਂ ’ਚ 20 ਕਿਲੋ ਭਾਰ ਘਟਿਆ, ਬੇਕਾਬੂ ਹੋਏ ਜਾਪਦੇ ਹਾਲਾਤ

111 ਕਿਸਾਨਾਂ ਦੇ ਮਰਨ ਵਰਤ ਦੇ ਦੂਸਰੇ ਦਿਨ ਇਕ ਕਿਸਾਨ ਦੀ ਸਿਹਤ ਵਿਗੜੀ

21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਕਰੇਗਾ ‘ਦਿੱਲੀ ਕੂਚ’

ਖਨੌਰੀ ਬਾਰਡਰ ’ਤੇ ਕਿਸਾਨਾਂ ਦੀਆਂ ਮੰਗਾਂ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 52ਵੇਂ ਦਿਨ ਵਿਚ ਪਹੁੰਚ ਗਿਆ ਹੈ। ਹੁਣ ਤੱਕ ਉਨ੍ਹਾਂ ਦਾ ਭਾਰ 20 ਕਿਲੋ ਦੇ ਕਰੀਬ ਘੱਟ ਗਿਆ ਹੈ, ਜਿਸ ਨਾਲ ਹਾਲਾਤ ਬੇਕਾਬੂ ਹੋਏ ਜਾਪਦੇ ਹਨ, 26 ਨਵੰਬਰ ਨੂੰ ਮਰਨ ਵਰਤ ਉੱਪਰ ਬੈਠਣ ਸਮੇਂ ਸਰਦਾਰ ਡੱਲੇਵਾਲ ਦਾ ਵਜ਼ਨ 86 ਕਿਲੋ 950 ਗ੍ਰਾਮ ਸੀ, ਜੋ ਕਿ 20 ਕਿਲੋ ਘੱਟ ਕੇ ਹੁਣ 66 ਕਿਲੋ 400 ਗ੍ਰਾਮ ਰਹਿ ਗਿਆ ਹੈ। ਦੂਸਰੇ ਪਾਸੇ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ 21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਮੁੜ ਦਿੱਲੀ ਪੈਦਲ ਕੂਚ ਕਰੇਗਾ।

ਖਨੌਰੀ ਬਾਰਡਰ ਵਿਖੇ ਕਿਸਾਨ ਨੇਤਾ ਡੱਲੇਵਾਲ ਦੀ ਹਮਾਇਤ ’ਚ ਮੰਗਾਂ ਮਨਵਾਉਣ ਲਈ ਖਨੌਰੀ ਬਾਰਡਰ ਵਿਖੇ ਹਰਿਆਣਾ ਵਾਲੇ ਪਾਸੇ ਬੈਠੇ 111 ਕਿਸਾਨਾਂ ਦਾ ਮਰਨ ਵਰਤ ਦੂਸਰੇ ਦਿਨ ’ਚ ਪਹੁੰਚ ਗਿਆ ਹੈ। ਅੱਜ ਇਕ ਕਿਸਾਨ ਪ੍ਰਿਤਪਾਲ ਸਿੰਘ ਦੀ ਹਾਲਤ ਇਕਦਮ ਵਿਗੜ ਗਈ, ਜਿਸ ਨੂੰ ਮਿਰਗੀ ਦਾ ਦੌਰਾ ਪੈ ਗਿਆ, ਜਿਸ ਕਾਰਨ ਅਧਿਕਾਰੀਆਂ ਨੂੰ ਚਿੰਤਾ ਬਣੀ ਰਹੀ। ਡਾਕਟਰ ਸਵੈਮਾਨ ਸਿੰਘ ਦੀ ਟੀਮ ਨੇ ਇਸ ਕਿਸਾਨ ਨੂੰ ਸਹਾਇਤਾ ਦੇ ਕੇ ਠੀਕ ਕੀਤਾ।

 ਉੱਧਰੋਂ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਖਨੌਰੀ ਬਾਰਡਰ ’ਤੇ ਪੁਲਸ ਦੇ ਬੈਰੀਕੇਡਾਂ ਦੇ ਬਿਲਕੁੱਲ ਸਾਹਮਣੇ ਮਰਨ ਵਰਤ ਜਾਰੀ ਰੱਖਣਗੇ।

ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਬਲਵੰਤ ਸਿੰਘ ਬਹਿਰਾਮਕੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਵੇਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ 6, 8 ਅਤੇ 14 ਦਸੰਬਰ ਨੂੰ 3 ਜਥੇ ਪੈਦਲ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧੇ ਸਨ। ਇਸੇ ਤਰੀਕੇ ਦੇ ਨਾਲ ਦੋਨਾਂ ਫੋਰਮਾਂ ਦੇ ਫੈਸਲੇ ਅਨੁਸਾਰ 21 ਜਨਵਰੀ ਨੂੰ 101 ਕਿਸਾਨਾਂ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ, ਜਿਸ ਦੀ ਅਗਵਾਈ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀ. ਕੇ. ਯੂ. ਦੁਆਬਾ ਅਤੇ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀ. ਕੇ. ਯੂ. ਕਰਨਗੇ।

ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਅੱਜ ਲਗਾਤਾਰ 52 ਦਿਨ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ ਅਤੇ ਕੱਲ ਤੋਂ 111 ਕਿਸਾਨ ਮਰਨ ਵਰਤ ’ਤੇ ਬੈਠ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਸਾਡੀਆਂ ਉਹੀ 12 ਮੰਗਾਂ ਨੇ ਜਿਹੜੀਆਂ ਮੰਗਾਂ 2020 ’ਚ ਸਰਕਾਰਾਂ ਨੇ ਲਿਖਤੀ ਰੂਪ ’ਚ ਮੰਨੀਆਂ ਸਨ।

ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਪੰਜਾਬ ’ਚ ਫਿਰੋਜ਼ਪੁਰ ਰੈਲੀ ਦੇ ਪ੍ਰੋਗਰਾਮ ਕੈਂਸਲ ਹੋਣ ’ਤੇ ਧਰਨਾਕਾਰੀ ਕਿਸਾਨਾਂ ’ਤੇ ਕੀਤੇ ਗਏ ਜ਼ੀਰੋ ਐੱਫ. ਆਈ. ਆਰ. ’ਤੇ ਹੁਣ ਪੰਜਾਬ ਦੀ ਭਗਵੰਤ ਸਰਕਾਰ ਵੱਲੋਂ ਜਾਣ ਲੈਣ ਦੀ ਕੋਸ਼ਿਸ਼ ਤਹਿਤ 307 ਦੇ ਪਰਚੇ ਦਰਜ ਕੀਤੇ ਹਨ, ਜੋ ਕਿ ਬਿਲਕੁੱਲ ਬੇਹੁਦਾ ਅਤੇ ਤੁਗਲਕੀ ਫੈਸਲਾ ਹੈ।

ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹੀ ਕੋਈ ਕਾਰਵਾਈ ਕਿਸੇ ਵੀ ਕਿਸਾਨ ਖਿਲਾਫ ਕੀਤੀ ਗਈ ਤਾਂ ਜਥੇਬੰਦੀਆਂ ਵੱਲੋਂ ਤਿੱਖਾ ਪ੍ਰਤੀਕਰਮ ਕੀਤਾ ਜਾਵੇਗਾ।

ਖਨੌਰੀ ਬਾਰਡਰ ‘ਤੇ ਹਰਿਆਣਾ ਤੋਂ ਸਰਕਾਰੀ ਡਾਕਟਰਾਂ ਦੀ ਟੀਮ ਚੈਕਅਪ ਕਰਨ ਪੁੱਜੀ

111 ਕਿਸਾਨਾਂ ਵੱਲੋਂ ਹਰਿਆਣੇ ਦੀ ਹੱਦ ਅੰਦਰ ਸ਼ੁਰੂ ਕੀਤੇ ਮਰਨ ਵਰਤ ਕਾਰਨ ਅੱਜ ਉਸੇ ਖਨੌਰੀ ਬਾਰਡਰ ਉੱਪਰ ਹਰਿਆਣਾ ਦੀ ਹੱਦ ਅੰਦਰ ਬੈਠੇ 111 ਕਿਸਾਨਾਂ ਦਾ ਮੈਡੀਕਲ ਮੈਡੀਕਲ ਚੈੱਕਅਪ ਕਰਨ ਲਈ ਹਰਿਆਣਾ ਤੋਂ ਸਰਕਾਰੀ ਡਾਕਟਰਾਂ ਦੀ ਟੀਮ ਪੁੱਜੀ ਹੈ।

Leave a Reply

Your email address will not be published. Required fields are marked *