845 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ
ਸੰਗਰੂਰ -: ਸਰਤਾਜ ਸਿੰਘ ਚਾਹਲ (ਆਈ.ਪੀ.ਐਸ) ਐਸ.ਐਸ.ਪੀ. ਸੰਗਰੂਰ ਦੀ ਅਗਵਾਈ ਹੇਠ ਵੱਲੋਂ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ “ਛੇਵੀਂ ਐਂਟੀ ਡਰੱਗ ਅਵੇਅਰਨੈਸ ਕੰਪੇਨ” ਤਹਿਤ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਪੰਜਾਬ ਪੱਧਰ ਦੀ ਜੂਨੀਅਰ ਅਥਲੈਟਿਕਸ ਮੀਟ ਕਰਵਾਈ ਗਈ, ਜਿਸ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ (ਫਿਰੋਜਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਮੋਹਾਲੀ, ਰੂਪਨਗਰ, ਹੁਸ਼ਿਆਪੁਰ, ਜਲੰਧਰ, ਲੁਧਿਆਣਾ ਵਗੈਰਾ) ਦੇ 845 ਤੋਂ ਵੱਧ ਅਥਲੀਟਸ ਨੇ ਭਾਗ ਲਿਆ।
ਉਹਨਾਂ ਦੱਸਿਆ ਕਿ ਚੌਥੀ ਐਂਟੀ ਡਰੱਗ ਅਵੇਅਰਨੈਸ ਕੰਪੇਨ ਵਿੱਚ 14 ਜ਼ਿਲ੍ਹਿਆਂ ਦੇ 403 ਅਥਲੀਟਸ ਨੇ ਅਤੇ ਪੰਜਵੀਂ ਐਂਟੀ ਡਰੱਗ ਅਵੇਅਰਨੈਸ ਕੰਪੇਨ ਵਿੱਚ 17 ਜ਼ਿਲ੍ਹਿਆਂ ਦੇ 560 ਅਥਲੀਟਸ ਨੇ ਭਾਗ ਲਿਆ ਸੀ।
ਇਸ ਮੌਕੇ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਇਸ ਐਥਲੈਟਿਕਸ ਮੀਟ ਦਾ ਵਿਸ਼ੇਸ਼ ਤੌਰ ਤੇ ਉਦਘਾਟਨ ਕਰਕੇ ਖਿਡਾਰੀਆਂ ਨੂੰ ਨਸ਼ਿਆਂ ਦੀ ਵਰਤੋਂ ਵਿਰੁੱਧ ਅਤੇ ਹੋਰਾਂ ਨੂੰ ਜਾਗਰੂਕ ਕਰਨ ਦੀ ਸਹੁੰ ਚੁਕਾਈ ਗਈ ਅਤੇ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਲਾਘਾ ਕੀਤੀ।
ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇਸ ਐਥਲੈਟਿਕਸ ਮੀਟ ਵਿੱਚ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਇਨਾਮਾਂ ਦੀ ਵੰਡ ਕੀਤੀ।
ਇਸ ਐਥਲੈਟਿਕਸ ਮੀਟ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਪੀ.ਬੀ.ਆਈ) ਸੰਗਰੂਰ ਸਮੇਤ ਜਿਲ੍ਹਾ ਪੁਲਿਸ ਸੰਗਰੂਰ ਦੀ ਸਮੁੱਚੀ ਟੀਮ ਵੱਲੋਂ ਵੱਖ-ਵੱਖ ਇਵੈਂਟਸ ਜਿਵੇਂ ਕਿ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਰੇਸ, ਲੌਂਗ ਜੰਪ, ਸ਼ੋਟ ਪੁਟ ਅਤੇ ਰਿਲੇਅ ਰੇਸ ਵਗੈਰਾ ਕਰਵਾਏ ਗਏ। ਇਨ੍ਹਾਂ ਇਵੈਂਟਾਂ ਵਿੱਚ ਅੰਡਰ 16 ਸਾਲ, ਅੰਡਰ 18 ਸਾਲ ਅਤੇ ਅੰਡਰ 20 ਸਾਲ ਦੇ ਲੜਕੇ ਅਤੇ ਲੜਕੀਆਂ ਨੇ ਵੱਧ ਚੜ ਕੇ ਭਾਗ ਲਿਆ।
ਇਨ੍ਹਾਂ ਇਵੈਂਟਸ ਵਿੱਚ ਭਾਗ ਲੈਣ ਵਾਲੇ ਐਥਲੀਟਸ ਨੂੰ ਪਹਿਲਾ ਸਥਾਨ ਹਾਸਲ ਕਰਨ ਉਤੇ 5100/-, ਦੁਸਰਾ ਸਥਾਨ ਹਾਸਲ ਕਰਨ ਲਈ 3100/-, ਤੀਸਰਾ ਸਥਾਨ ਹਾਸਲ ਕਰਨ ਲਈ 2100/-, ਚੌਥਾ, ਪੰਜਵਾਂ ਅਤੇ ਛੇਵਾਂ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਐਥਲੈਟਿਕਸ ਮੀਟ ਵਿੱਚ ਲੜਕਿਆਂ ਵਿੱਚ ਰਾਘਵ ਕਾਲੀਆ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਲੜਕੀਆਂ ਵਿੱਚ ਮਨਮੀਤ ਕੌਰ ਜ਼ਿਲ੍ਹਾ ਪਟਿਆਲਾ ਸਭ ਤੋਂ ਤੇਜ ਦੌੜਾਕ ਰਹੇ।
ਆਮ ਪਬਲਿਕ ਵੱਲੋਂ ਅਪਰੋਚ ਕਰਨ ਪਰ ਇਸ ਵਾਰ ਅਥਲੈਟਿਕਸ ਮੀਟ ਵਿੱਚ ਅੰਡਰ 12 ਸਾਲ ਅਤੇ 14 ਸਾਲ ਦੇ ਉਮਰ ਵਰਗ ਨੂੰ ਸ਼ਾਮਲ ਕਰਕੇ 60 ਮੀਟਰ ਰੇਸ, 100 ਮੀਟਰ ਰੇਸ, 600 ਮੀਟਰ ਰੇਸ, ਲੌਂਗ ਜੰਪ ਅਤੇ ਸਾਟਪੁੱਟ ਦੇ ਇਵੈਂਟ ਕਰਵਾਏ ਗਏ, ਜਿਨ੍ਹਾਂ ਵਿੱਚ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ। ਬੱਚਿਆਂ ਦੇ ਐਥਲੈਟਿਕਸ ਮੀਟ ਵਿੱਚ ਭਾਗ ਲੈਣ ਦੇ ਉਤਸ਼ਾਹ ਤੋਂ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਬੱਚਿਆਂ ਨੂੰ ਖੇਡਾਂ ਅਤੇ ਗਰਾਉਂਡਾ ਨਾਲ ਜੋੜਨ ਲਈ ਦੇਖਿਆ ਗਿਆ ਸੁਪਨਾ ਸਾਕਾਰ ਹੁੰਦਾ ਨਜਰ ਆਇਆ।
ਚਾਹਲ ਨੇ ਅਥਲੀਟਾਂ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਅਤੇ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਨਾਲ ਹੋਰ ਵੀ ਬੱਚਿਆਂ ਨੂੰ ਜੋੜ ਕੇ ਖੇਡਾਂ/ਗਰਾਉਂਡ ਨਾਲ ਜੁੜ ਕੇ ਚੰਗੀ ਸਿਹਤ ਬਣਾਉਣ ਤੇ ਆਪਣਾ, ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਇਸ ਐਥਲੈਟਿਕਸ ਮੀਟ ਦੇ ਮੁੱਖ ਮੰਤਵ, “ਜਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ” ਨੂੰ ਧਿਆਨ ਵਿੱਚ ਰੱਖਦੇ ਹੋਏ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਖੇਡਾਂ ਅਤੇ ਗਰਾਉਂਡ ਨਾਲ ਜੋੜਨ ਲਈ ਉਪਰਾਲੇ ਕਰਨ ਸਬੰਧੀ ਅਪੀਲ ਕੀਤੀ ਤਾਂ ਜੋ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਕੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।
ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਖਿਲਾਫ ਜੰਗ ਜਾਰੀ ਰੱਖਦੇ ਹੋਏ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਅਥਲੈਟਿਕਸ ਮੀਟ ਕਰਵਾਈਆਂ ਜਾਣਗੀਆਂ।
