ਜਲੰਧਰ ਵਿਚ ਬੇਅਦਬੀ ਦੀ ਘਟਨਾ

ਰਵਿਦਾਸ ਭਾਈਚਾਰੇ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਜਲੰਧਰ :- ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 12 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿਹਾਤੀ ਇਲਾਕੇ ’ਚ ਬੇਅਦਬੀ ਦੀ ਇਕ ਘਟਨਾ ਸਾਹਮਣੇ ਆਈ ਹੈ ਅਤੇ ਇਸ ਮਾਮਲੇ ’ਚ ਮਹਿਤਪੁਰ ਥਾਣੇ ਦੀ ਪੁਲਸ ਨੇ 2 ਭਰਾਵਾਂ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਕਰਨਦੀਪ ਸਿੰਘ ਵਜੋਂ ਹੋਈ ਹੈ, ਜੋਕਿ ਪਿੰਡ ਆਦਰਮਾਨ ਮਹਿਤਪੁਰ ਨਕੋਦਰ ਦੇ ਰਹਿਣ ਵਾਲੇ ਹਨ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਵਦੀਪ ਕੁਮਾਰ ਨੇ ਕਿਹਾ ਕਿ ਉਸ ਕੋਲ ਉਨ੍ਹਾਂ ਦੇ ਸਮਾਜ ਦੇ ਕੁਝ ਲੋਕ ਆਏ ਸਨ, ਜਿਨ੍ਹਾਂ ਨੇ ਦੱਸਿਆ ਕਿ ਅਰਸ਼ਦੀਪ ਅਤੇ ਕਰਨਦੀਪ ਸਿੰਘ ਦੋਵੇਂ ਭਰਾ ਹਨ। ਦੋਵੇਂ ਆਦਰਾਮਾਨ ਪਿੰਡ ਵਿਚ ਦੁਕਾਨ ਚਲਾਉਂਦੇ ਹਨ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਪੂਰੇ ਪਿੰਡ ਵਿਚ ਝੰਡੇ ਲਗਾਏ ਗਏ ਸਨ। ਦੋਵੇਂ ਮੁਲਜ਼ਮਾਂ ਨੇ ਸ਼ਾਮ ਕਰੀਬ 4 ਵਜੇ ਉਕਤ ਝੰਡੇ ਨੂੰ ਪਹਿਲਾਂ ਟੇਢਾ ਕਰ ਦਿੱਤਾ ਅਤੇ ਫਿਰ ਝੰਡਾ ਉਤਾਰ ਕੇ ਗੰਦੀ ਜਗ੍ਹਾ ’ਤੇ ਸੁੱਟ ਦਿੱਤਾ। ਜਦੋਂ ਸਮਾਜ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਤੁਰੰਤ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਤੋਂ ਬਾਅਦ ਨਵਦੀਪ ਕੁਮਾਰ ਦੀ ਟੀਮ ਨੇ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਦੇਰ ਰਾਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਨਵਦੀਪ ਨੇ ਦੋਸ਼ ਲਗਾਇਆ ਕਿ ਘਟਨਾ ਸਮੇਂ ਦੋਵੇਂ ਭਰਾ ਸ਼ਰਾਬੀ ਸਨ। ਇਸ ਘਟਨਾ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਿਚ ਭਾਰੀ ਰੋਸ ਹੈ, ਜਿਸ ਕਾਰਨ ਰਵਿਦਾਸ ਭਾਈਚਾਰੇ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 298/3 (5) ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *