ਲੋਕ ਸਹੂਲਤ ਲਈ 400 ਹੋਰ ਨਵੀਆਂ ਬੱਸਾਂ ਜਲਦ ਪੀ. ਆਰ. ਟੀ. ਸੀ. ਦੇ ਬੇਡ਼ੇ ’ਚ ਕੀਤੀਆਂ ਜਾਣਗੀਆਂ ਸ਼ਾਮਲ
ਪਟਿਆਲਾ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਲੋਕਾਂ ਦੇ ਰੋਜ਼ਾਨਾ ਸਫ਼ਰ ਨੂੰ ਹੋਰ ਆਰਾਮਦਾਇਕ ਬਣਾਉਣ ਲਈ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ।
ਚੇਅਰਮੈਨ ਹਡਾਣਾ ਨੇ ਕਿਹਾ ਕਿ ਲੋਕ ਸਹੂਲਤ ਲਈ 400 ਹੋਰ ਨਵੀਆਂ ਬੱਸਾਂ ਜਲਦ ਪੀ. ਆਰ. ਟੀ. ਸੀ. ਦੇ ਬੇਡ਼ੇ ’ਚ ਸ਼ਾਮਲ ਕੀਤੀਆਂ ਜਾਣਗੀਆਂ। ਅੱਜ ਨਵੀਆਂ ਬੱਸਾਂ ਪਾਉਣ ਸਬੰਧੀ ਲਾਏ ਟੈਂਡਰ ਤਹਿਤ 8 ਨਵੀਆਂ ਬੱਸਾਂ ਨੂੰ ਅੱਜ ਹਰੀ ਝੰਡੀ ਦੇ ਕੇ ਤੈਅ ਕੀਤੇ ਰੂਟਾਂ ’ਤੇ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵੀਆਂ ਬੱਸਾਂ ਆਉਣ ਨਾਲ ਯਾਤਰੀਆਂ ਦੇ ਸਫਰ ਨੂੰ ਸੁਖਾਲਾ ਅਤੇ ਆਸਾਨ ਬਣਾਉਣ ’ਚ ਯਕੀਨੀ ਹੋਵੇਗਾ।
ਚੇਅਰਮੈਨ ਰਣਜੋਧ ਹਡਾਣਾ ਨੇ ਕਿਹਾ ਕਿ ਇਹ ਨਵੀਆਂ ਬੱਸਾਂ ਪੰਜਾਬ ਦੇ ਸ਼ਹਿਰੀ ਅਤੇ ਪਿੰਡ ਪੱਧਰ ’ਤੇ ਆਵਾਜਾਈ ਨੂੰ ਬਿਹਤਰ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਇਸ ਨਵੀਆਂ ਬੱਸਾਂ ਪਾਉਣ ਦੀ ਯੋਜਨਾ ਨਾਲ ਸਰਕਾਰੀ ਬੱਸ ਸੇਵਾ ਮਜ਼ਬੂਤ ਹੋਵੇਗੀ ਅਤੇ ਪ੍ਰਾਈਵੇਟ ਬੱਸਾਂ ’ਤੇ ਨਿਰਭਰਤਾ ਘਟਾਉਣ ਵੱਲ ਇਕ ਵੱਡਾ ਕਦਮ ਹੋਵੇਗਾ। ਇਨ੍ਹਾਂ ਬੱਸਾਂ ਦੀ ਵਿਸ਼ੇਸ਼ਤਾ ਇਹ ਰਹੇਗੀ ਕਿ ਇਹ ਆਧੁਨਿਕ ਹੋਣ ਦੇ ਨਾਲ-ਨਾਲ ਵਾਤਾਵਰਣ ਮਿੱਤਰ ਵੀ ਹੋਣਗੀਆਂ। ਬੱਸਾਂ ਦੇ ਨਵੇਂ ਰੂਟ ਪਿੰਡਾਂ ਅਤੇ ਸ਼ਹਿਰਾਂ ਦੀ ਜੋਡ਼ ਨੂੰ ਹੋਰ ਮਜ਼ਬੂਤ ਬਣਾਉਣਗੇ, ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਮਿਲੇਗੀ।
ਇਸ ਮੌਕੇ ਐੱਮ. ਡੀ. ਬਿਕਰਮਜੀਤ ਸਿੰਘ ਸ਼ੇਰਗਿੱਲ, ਰਾਕੇਸ਼ ਕੁਮਾਰ ਡੀ. ਸੀ. ਐੱਫ. ਏ., ਜਤਿੰਦਰਪਾਲ ਸਿੰਘ ਗਰੇਵਾਲ ਐਕਸੀਅਨ, ਮੋਹਿੰਦਰਪਾਲ ਸਿੰਘ ਜੀ. ਐੱਮ., ਅਮਨਵੀਰ ਸਿੰਘ ਟਿਵਾਣਾ ਜੀ. ਐੱਮ., ਬਲਵਿੰਦਰ ਸਿੰਘ ਵਰਕਸ ਮੈਨੇਜਰ, ਰਮਨਜੀਤ ਸਿੰਘ ਪੀ. ਏ.-ਟੁ-ਚੇਅਰਮੈਨ, ਬਿਕਰਮਜੀਤ ਸਿੰਘ ਪੀ. ਏ.-ਟੁ-ਚੇਅਰਮੈਨ, ਹਰਪਿੰਦਰ ਸਿੰਘ ਚੀਮਾ ‘ਆਪ’ ਆਗੂ ਅਤੇ ਹੋਰ ਮਹਿਕਮੇ ਦੇ ਕਰਮਚਾਰੀ ਹਾਜ਼ਰ ਸਨ।
