ਪਿੰਡ ਘਨੌਰ ਕਲਾਂ ’ਚ ਕੀਤੀ ਵਿਕਾਸ ਕਾਰਜਾਂ ਦੀ ਸ਼ੁਰੂਆਤ
ਸੰਗਰੂਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਲਘੂ ਉਦਯੋਗ ਨਿਗਮ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਨੇ ਬਲਾਕ ਸ਼ੇਰਪੁਰ ਦੇ ਵੱਖ-ਵੱਖ ਪਿੰਡਾਂ ’ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਚੇਅਰਮੈਨ ਢਿੱਲੋਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਪਿੰਡ ’ਚ ਖੇਡ ਮੈਦਾਨਾਂ ਦਾ ਨਿਰਮਾਣ ਕਰਵਾਇਆ ਜਾਵੇ। ਉਨ੍ਹਾਂ ਨੇ ਇਹ ਹਦਾਇਤ ਵੀ ਕੀਤੀ ਕਿ ਪਿੰਡਾਂ ’ਚ ਪਾਰਕਾਂ, ਕਮਿਊਨਿਟੀ ਹਾਲ, ਜਿਮ, ਬਾਇਓ ਗੈਸ ਪਲਾਂਟ, ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ, ਪੰਚਾਇਤ ਘਰ ਆਦਿ ਸਬੰਧੀ ਲੋਕਾਂ ਦੀ ਹਰ ਇਕ ਲੋੜ ਦਾ ਜਾਇਜ਼ਾ ਲਿਆ ਜਾਵੇ ਅਤੇ ਬਕਾਇਆ ਵਿਕਾਸ ਕਾਰਜਾਂ ਦੇ ਵੇਰਵੇ ਸੌਂਪੇ ਜਾਣ ਤਾਂ ਜੋ ਸਰਕਾਰ ਨਾਲ ਤਾਲਮੇਲ ਕਰ ਕੇ ਲੋੜੀਂਦੇ ਫੰਡ ਉਪਲਬਧ ਕਰਵਾਏ ਜਾ ਸਕਣ।
ਚੇਅਰਮੈਨ ਢਿੱਲੋਂ ਨੇ ਪਿੰਡਾਂ ਦੇ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਕਾਰਜਕਾਰੀ ਏਜੰਸੀਆਂ ਵੱਲੋਂ ਕਰਵਾਏ ਜਾ ਰਹੇ ਨਿਰਮਾਣ ਕਾਰਜਾਂ ਦਾ ਸਮੇਂ-ਸਮੇਂ ਨਿਰੀਖਣ ਕਰਦੇ ਰਹਿਣ ਤਾਂ ਕਿ ਵਿਕਾਸ ਕੰਮ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਮੁਕੰਮਲ ਹੋ ਸਕਣ। ਇਸ ਦੌਰਾਨ ਚੇਅਰਮੈਨ ਦਲਬੀਰ ਸਿੰਘ ਢਿੱਲੋ ਨੇ ਪਿੰਡ ਘਨੌਰ ਕਲਾਂ ਵਿਖੇ ਵਿਕਾਸ ਕੰਮਾਂ ਦੀ ਸ਼ੁਰੂਆਤ ਵੀ ਕਰਵਾਈ।
