ਮੀਟ ਤੋਂ ਲੈ ਕੇ ਫਲ-ਸਬਜ਼ੀਆਂ ਦੀ ਦਰਮਾਦ ’ਤੇ 10 ਮਾਰਚ ਤੋਂ ਟੈਰਿਫ਼ ਹੋਵੇਗਾ ਲਾਗੂ
ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਮਰੀਕਾ ਤੋਂ ਖ਼ੁਰਾਕ ਦਰਾਮਦ ’ਤੇ 15 ਫੀਸਦੀ ਤੱਕ ਟੈਰਿਫ਼ ਲਗਾ ਰਿਹਾ ਹੈ, ਕਿਉਂਕਿ ਡੋਨਾਲਡ ਟਰੰਪ ਦੁਆਰਾ ਲਗਾਏ ਗਏ ਤਾਜ਼ਾ ਟੈਰਿਫ਼ ਅੱਜ ਤੋਂ ਲਾਗੂ ਹੋ ਗਏ ਹਨ। ਚੀਨ ਦੇ ਵਿੱਤ ਮੰਤਰਾਲੇ ਨੇ ਅਮਰੀਕਾ ਤੋਂ ਮੀਟ, ਕਣਕ, ਮੱਕੀ ਅਤੇ ਕਪਾਹ ਦੇ ਆਯਾਤ ’ਤੇ 15 ਫੀਸਦੀ ਅਤੇ ਜੋਅਰ, ਸੋਇਆਬੀਨ, ਪੋਰਕ, ਬੀਫ਼, ਜਲ ਉਤਪਾਦ, ਫਲ, ਸਬਜ਼ੀਆਂ ਅਤੇ ਡੇਅਰੀ ਉਤਪਾਦਾਂ ਦੇ ਆਯਾਤ ’ਤੇ 10 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਚੀਨ ਨੇ ਕਈ ਅਮਰੀਕੀ ਫਰਮਾਂ ਨੂੰ ਆਪਣੀ ‘ਅਵਿਸ਼ਵਾਸਯੋਗ ਸੰਸਥਾ ਜਾਂ ਨਿਰਯਾਤ ਨਿਯੰਤਰਣ ਸੂਚੀ’ ਵਿਚ ਸ਼ਾਮਲ ਕੀਤਾ ਹੈ।
ਚੀਨ ਦੀ ਸਟੇਟ ਕੌਂਸਲ ਦੇ ਕਸਟਮਜ਼ ਕਮਿਸ਼ਨ ਨੇ ਕਿਹਾ ਕਿ 10 ਮਾਰਚ ਤੋਂ ਅਮਰੀਕੀ ਚਿਕਨ, ਕਣਕ, ਮੱਕੀ ਅਤੇ ਕਪਾਹ ’ਤੇ 15 ਫੀਸਦੀ ਵਾਧੂ ਟੈਰਿਫ਼ ਲਗਾਇਆ ਜਾਵੇਗਾ, ਨਾਲ ਹੀ ਸੋਇਆਬੀਨ, ਪੋਰਕ, ਬੀਫ ਅਤੇ ਡੇਅਰੀ ਉਤਪਾਦਾਂ ’ਤੇ 10 ਫੀਸਦੀ ਟੈਰਿਫ਼ ਲਗਾਇਆ ਜਾਵੇਗਾ। ਚੀਨੀ ਵਣਜ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬੀਜਿੰਗ ਆਪਣੇ ਅਧਿਕਾਰਾਂ ਅਤੇ ਹਿੱਤਾਂ ਦੀ ਮਜ਼ਬੂਤੀ ਨਾਲ ਸੁਰੱਖਿਆ ਲਈ ਜਵਾਬੀ ਕਦਮ ਚੁੱਕੇਗਾ।
ਬੁਲਾਰੇ ਨੇ ਕਿਹਾ ਕਿ ਅਮਰੀਕਾ ਦੀ ਤੱਥਾਂ, ਅੰਤਰਰਾਸ਼ਟਰੀ ਵਪਾਰ ਨਿਯਮਾਂ ਅਤੇ ਸਾਰੇ ਪੱਖਾਂ ਦੀ ਆਵਾਜ਼ਾਂ ਦੀ ਅਣਦੇਖੀ ਕਰਨਾ ਇਕਪਾਸੜ ਅਤੇ ਧੱਕੇਸ਼ਾਹੀ ਵਾਲੀ ਕਾਰਵਾਈ ਹੈ। ਰਿਪੋਰਟ ਅਨੁਸਾਰ ਚੀਨ ਦੇ ਵਣਜ ਮੰਤਰਾਲੇ ਨੇ ‘ਰਾਸ਼ਟਰੀ ਸੁਰੱਖਿਆ ਅਤੇ ਹਿੱਤਾਂ ਦੀ ਰੱਖਿਆ’ ਲਈ ਦੰਡਕਾਰੀ ਵਪਾਰਕ ਉਪਾਵਾਂ ਲਈ ਡਰੋਨ ਨਿਰਮਾਤਾ ਸਕਾਈਡਿਓ ਸਮੇਤ 15 ਸੰਯੁਕਤ ਰਾਜ ਦੀਆਂ ਕੰਪਨੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
