ਪਿਸਤੌਲ ਅਤੇ ਕਾਰਤੂਸ ਬਰਾਮਦ
ਧਨੌਲਾ – ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅੰਦਰ ਕਤਲ, ਫਿਰੌਤੀ ਅਤੇ ਲੁੱਟ-ਖੋਹ ਦੀਆ ਵਾਰਦਾਤਾਂ ਵਿਚ ਲੋੜੀਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਅਤੇ ਉਸ ਦੇ ਸਾਥੀਆਂ ਨੂੰ ਅੱਜ ਧਨੌਲਾ ਪੁਲਸ ਦੇ ਇੰਸਪੈਕਟਰ ਲਖਵੀਰ ਸਿੰਘ ਨੇ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਇਕ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਗਈ ਹੈ।
ਘਟਨਾਸਥਾਨ ’ਤੇ ਪਹੁੰਚੇ ਡੀ. ਐੱਸ. ਪੀ. ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸਖਦੇਵ ਸਿੰਘ ਵਾਸੀ ਸੇਲਬਰਾਹ ਜ਼ਿਲਾ ਬਠਿੰਡਾ, ਉਸ ਦਾ ਸਾਥੀ ਗਗਨਦੀਪ ਸਿੰਘ ਉਰਫ਼ ਮੋੜ ਪੁੱਤਰ ਸੁਰਜੀਤ ਸਿੰਘ ਵਾਸੀ ਭਗਤਾ ਭਾਈ ਕਾ ਅਤੇ ਸੁਖਮਨਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਗੈਂਗਸਟਰ ਸਾਥੀਆਂ ਸਮੇਤ ਵਰਨਾ ਕਾਰ ’ਚ ਸਵਾਰ ਹੋ ਕੇ ਧਨੌਲਾ ਵੱਲ ਆ ਰਿਹਾ। ਧਨੌਲਾ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰਨ ਲਈ ਪਿੱਛਾ ਕੀਤਾ ਗਿਆ ਤਾਂ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਦੀ ਕਾਰ ਅੱਗੇ ਕਿਸੇ ਹੋਰ ਕਾਰ ਨਾਲ ਟਕਰਾ ਜਾਣ ਕਾਰਨ ਉਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ।
ਡੀ. ਐੱਸ. ਪੀ. ਸਤਵੀਰ ਸਿੰਘ ਨੇ ਦੱਸਿਆ ਕਿ ਉਕਤ ਗੈਂਗਸਟਰ ਕਤਲ, ਲੁੱਟ-ਖੋਹ ਅਤੇ ਕੁੱਟਮਾਰ ਦੀਆਂ ਅੱਧੀ ਦਰਜਨ ਤੋਂ ਵੱਧ ਵਾਰਦਾਤਾਂ ’ਚ ਸ਼ਾਮਲ ਸੀ ਜਿਸ ਦੇ ਕੁਝ ਹੋਰਨਾਂ ਗੈਂਗਸਟਰਾਂ ਨਾਲ ਸਬੰਧ ਵੀ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਥਾਣਾ ਧਨੌਲਾ ਦੇ ਇੰਸਪੈਕਟਰ ਲਖਵੀਰ ਸਿੰਘ ਪੂਰੀ ਜਾਂਚ ਪੜਤਾਲ ਕਰ ਰਹੇ ਹਨ, ਇਹ ਗੱਡੀ ਗੈਂਗਸਟਰ ਦੀ ਹੈ ਜਾਂ ਨਹੀਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਚਾਰੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਦੇ ਹੋਏ ਅਗਲੀ ਤਫਤੀਸ਼ ਆਰੰਭ ਦਿੱਤੀ ਗਈ ਹੈ।
ਸੂਤਰਾ ਮੁਤਾਬਕ ਉਕਤ ਗੈਂਗਸਟਰ ਗੁਰਪ੍ਰੀਤ ਸਿੰਘ ਦਾ ਬਠਿੰਡਾ ਦੀ ਏ. ਜੀ. ਟੀ. ਐੱਫ. ਟੀਮ ਪਿੱਛਾ ਕਰ ਰਹੀ ਸੀ ਜੋ ਕਿ ਪੁਲਸ ਤੋਂ ਬੱਚਣ ਲਈ ਪਿੰਡਾਂ ’ਚੋਂ ਹੁੰਦਾ ਹੋਇਆ ਧਨੌਲਾ ਸ਼ਹਿਰ ਅੰਦਰ ਆ ਵੜਿਆ।
ਰਸਤਾ ਨਾ ਪਤਾ ਹੋਣ ਕਾਰਨ ਉਹ ਸਥਾਨਕ ਥਾਣੇ ਨਜ਼ਦੀਕ ਲੰਮੀ ਗਲੀ ’ਚ ਜਾ ਵੜਿਆ, ਜਿੱਥੇ ਪਹਿਲਾਂ ਤੋਂ ਇਕ ਖੜ੍ਹੀ ਕਾਰ ਨਾਲ ਉਸ ਦੀ ਟੱਕਰ ਹੋ ਗਈ, ਜਿਸ ਕਾਰਨ ਉਕਤ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ, ਜਿਸ ਮਗਰੋਂ ਪੁਲਸ ਨੇ ਕਾਰ ਸਵਾਰ ਉਕਤ ਚਾਰੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਜਿਹੜਾ ਰਸਤੇ ’ਚ ਤਿੰਨ ਲੋਕਾਂ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਆਇਆ ਸੀ, ਜਿਨ੍ਹਾਂ ਦੀ ਪਛਾਣ ਲਛਮਣ ਸਿੰਘ ਪੁੱਤਰ ਮੱਘਰ ਸਿੰਘ, ਸਰਬਜੀਤ ਕੌਰ ਪਤਨੀ ਲਛਮਣ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਅਤਰਗੜ੍ਹ ਵਜੋਂ ਹੋਈ ਹੈ ਜੋ ਕਿ ਇਲਾਜ ਲਈ ਹਸਪਤਾਲ ਪਹੁੰਚੇ ਹਨ।
