ਮੂਸੇਵਾਲਾ ਦੇ ਨਜ਼ਦੀਕੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ 7 ਕਾਬੂ ; ਸਕੌਡਾ ਅਤੇ ਹਥਿਆਰ ਵੀ ਬਰਾਮਦ
ਮਾਨਸਾ – ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਟਰਾਂਸਪੋਰਟਰ ਦੇ ਘਰ ਗੋਲੀਆਂ ਚਲਾ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਫਿਰੋਜ਼ਪੁਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਜਸਦੇਵ ਸਿੰਘ ਜੱਸੀ ਪੈਂਚਰ ਵਾਸੀ ਮਾਨਸਾ ਨੂੰ ਨਾਲ ਲੈ ਕੇ ਪਿੰਡ ਭੈਣੀਬਾਘਾ ਲਾਗੇ ਲੁਕੋ ਕੇ ਰੱਖੇ ਗਏ ਹਥਿਆਰਾਂ ਦੀ ਬਰਾਮਦਗੀ ਕਰਨ ਲਈ ਗਈ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ।
ਜਵਾਬ ਵਿਚ ਜਦੋਂ ਪੁਲਸ ਨੇ ਫਾਇਰਿੰਗ ਕੀਤੀ ਤਾਂ ਜਸਦੇਵ ਸਿੰਘ ਜੱਸੀ ਪੈਂਚਰ ਦੇ ਪੈਰ ਵਿਚ ਗੋਲੀ ਲੱਗ ਗਈ, ਜਿਸ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕੀਤਾ ਗਿਆ। ਜੱਸੀ ਪੈਂਚਰ ਦੇ ਨਾਲ ਇਸ ਮਾਮਲੇ ਵਿਚ ਪੁਲਸ ਨੂੰ ਕਮਲ ਮੱਦੀ ਅਤੇ ਪ੍ਰਭਜੋਤ ਸਿੰਘ ਉਰਫ ਖਾਧਾ ਨੂੰ ਵੀ ਇਹ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਸੀ।
2 ਫਰਵਰੀ ਦੀ ਰਾਤ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਪ੍ਰਗਟ ਸਿੰਘ ਦੇ ਘਰ ’ਤੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਬਾਅਦ ਵਿਚ ਉਸ ਦੇ ਵਾਟਸਐਪ ਨੰਬਰ ’ਤੇ ਮੈਸੇਜ ਭੇਜ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪ੍ਰਗਟ ਸਿੰਘ ਦੇ ਭਰਾ ਬਲਜਿੰਦਰ ਸਿੰਘ ਦੇ ਬਿਆਨਾਂ ’ਤੇ 3 ਫਰਵਰੀ ਨੂੰ ਥਾਣਾ ਸਿਟੀ 2 ਦੀ ਪੁਲਸ ਨੇ ਆਰਮਜ਼ ਐਕਟ ਤਹਿਤ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਸੀ।
ਇਸ ਮਾਮਲੇ ਸਬੰਧੀ ਜ਼ਿਲਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਨਮੋਹਨ ਸਿੰਘ ਅੌਲਖ ਐੱਸ. ਪੀ. (ਡੀ) ਮਾਨਸਾ, ਜਸਵਿੰਦਰ ਸਿੰਘ ਉਪ ਕਤਪਾਨ ਪੁਲਿਸ (ਡੀ), ਬੂਟਾ ਸਿੰਘ ਉਪ ਕਪਤਾਨ (ਸ:ਡ) ਮਾਨਸਾ ਦੀ ਨਿਗਰਾਨੀ ਹੇਠ ਅਤੇ ਇੰਸ. ਜਗਦੀਸ਼ ਕੁਮਾਰ ਇੰਚਾਰਜ ਸੀ. ਆਈ. ਏ. ਸਟਾਫ ਮਾਨਸਾ ਤੇ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ’ਤੇ ਅਾਧਾਰਿਤ ਟੀਮ ਨੇ ਪੜਤਾਲ ਕਰਦਿਆਂ ਕਮਲ ਮੱਦੀ, ਪ੍ਰਭਜੋਤ ਸਿੰਘ ਉਰਫ ਖਾਧਾ ਵਾਸੀਅਨ ਮਾਨਸਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ। 7 ਫਰਵਰੀ ਨੂੰ ਮਾਨਸਾ ਪੁਲਸ ਨੇ ਜਸਦੇਵ ਸਿੰਘ ਜੱਸੀ ਪੈਂਚਰ ਨੂੰ ਗ੍ਰਿਫਤਾਰ ਕਰ ਕੇ ਉਸ ਦਾ ਪੁਲਸ ਰਿਮਾਂਡ ਲਿਆ।
ਇਸ ਮਾਮਲੇ ਵਿਚ 8 ਫਰਵਰੀ ਨੂੰ ਮਾਨਸਾ ਪੁਲਸ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਤੋਂ ਸੁਖਬੀਰ ਸਿੰਘ ਉਰਫ ਸੰਨੀ ਮਾਨ, ਨੂਰਪ੍ਰੀਤ ਸਿੰਘ ਵਾਸੀ ਤਲਵੰਡੀ ਸਾਬੋ, ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਔਤਾਂਵਾਲੀ, ਸ਼ੂਟਰ ਅੰਮ੍ਰਿਤਪਾਲ ਸਿੰਘ ਉਰਫ ਫੌਜੀ ਵਾਸੀ ਦਮੋਦਰ ਜ਼ਿਲਾ ਗੁਰਦਾਸਪੁਰ ਨੂੰ ਸਕੌਂਡਾ ਗੱਡੀ ਸਮੇਤ ਇਨ੍ਹਾਂ ਵਿਅਕਤੀਆਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ’ਚ ਰੁਪਿੰਦਰ ਸਿੰਘ ਪੁੱਤਰ ਬਰਾੜ ਪੁੱਤਰ ਕਸ਼ਮੀਰ ਸਿੰਘ ਵਾਸੀ ਲਖਮੀਰਵਾਲਾ ਹਾਲ ਕੈਨੇਡਾ ਅਤੇ ਜਸਨਦੀਪ ਸਰਮਾਂ ਪੁੱਤਰ ਰਾਜਿੰਦਰ ਕੁਮਾਰ ਵਾਸੀ ਮਾਨਸਾ ਹਾਲ ਇੰਗਲੈਡ ਦੀ ਗ੍ਰਿਫਤਾਰੀ ਬਾਕੀ ਹੈ।

ਪਤਾ ਲੱਗਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾਏ ਸਨ। ਇਨ੍ਹਾਂ ਹਥਿਆਰਾਂ ਨੂੰ ਭੈਣੀਬਾਘਾ ਵਿਖੇ ਲੁਕੋ ਕੇ ਰੱਖਿਆ ਗਿਆ ਹੈ। ਸੋਮਵਾਰ ਨੂੰ ਜਦੋਂ ਪੁਲਸ ਪਾਰਟੀ ਜੱਸੀ ਪੈਂਚਰ ਨੂੰ ਆਪਣੀ ਨਿਸ਼ਾਨਦੇਹੀ ’ਤੇ ਖੇਤਾਂ ਵਿਚ ਲੁਕੋਏ ਹਥਿਆਰਾਂ ਨੂੰ ਬਰਾਮਦ ਕਰਵਾਉਣ ਗਈ ਤਾਂ ਉਥੇ ਪਹਿਲਾਂ ਹੀ ਲੋਡ ਕਰ ਕੇ ਰੱਖੇ ਪਿਸਤੌਲ ਨਾਲ ਜੱਸੀ ਪੈਂਚਰ ਨੇ ਪੁਲਸ ’ਤੇ ਹਮਲਾ ਕਰ ਦਿੱਤਾ।
ਐੱਸ. ਐੱਸ. ਪੀ. ਮਾਨਸਾ ਮੀਨਾ ਨੇ ਦੱਸਿਆ ਕਿ ਇਸ ਹਮਲੇ ਦੇ ਜਵਾਬ ਵਿਚ ਜਦੋਂ ਪੁਲਸ ਨੇ ਗੋਲੀਆਂ ਚਲਾਈਆਂ ਤਾਂ ਇਕ ਗੋਲੀ ਜੱਸੀ ਪੈਂਚਰ ਦੇ ਪੈਰਾਂ ਵਿਚ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜਸਦੇਵ ਸਿੰਘ ਜੱਸੀ ਪੈਂਚਰ ਤੋਂ ਇਕ ਪਿਸਤੌਲ 30 ਬੋਰ ਅਤੇ ਇਕ ਪਿਸਤੌਲ 32 ਬੋਰ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ। ਜੱਸੀ ਪੈਂਚਰ ਨੂੰ ਇਲਾਜ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
