ਕੰਗਨਾ ਰਾਣੌਤ ਦੀ ਫਿਲਮ ਐਮਰਜੈਂਸੀ ਨੂੰ ਲੈਕੇ ਖੜ੍ਹੇ ਹੋ ਰਹੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹੇ। ਜਿੱਥੇ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜੱਥੇਬੰਦੀਆਂ ਨੇ ਫਿਲਮ ਦਾ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਅੰਮ੍ਰਿਤਸਰ ਵਿੱਚ PVR ਸਿਨੇਮਾ ਨੇ ਫਿਲਮ ਦੇ ਸ਼ੋਅ ਰੱਦ ਕਰ ਦਿੱਤੇ ਹਨ। ਦਰਅਸਲ ਵੱਖ-ਵੱਖ ਸਿੱਖ ਜੱਥੇਬੰਦੀਆਂ ਨੇ ਕਿਹਾ ਸੀ ਕਿ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਹਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ।
ਸਿੱਖ ਜਥੇਬੰਦੀਆਂ ਨੇ ਸਿਨੇਮਾ ਦੇ ਬਾਹਰ ਦਿੱਤਾ ਧਰਨਾ
ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੇ ਵਿਰੋਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪਟਿਆਲਾ ਦੇ ਰਾਜਪੁਰਾ ਰੋਡ ’ਤੇ ਸਥਿਤ ਇਕ ਸਿਨੇਮਾ ਦੇ ਬਾਹਰ ਧਰਨਾ ਦਿੱਤਾ ਹੋਇਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ।
ਕਈ ਜ਼ਿਲ੍ਹਿਆਂ ਵਿਚ ਨਹੀਂ ਲੱਗੀ ਫਿਲਮ
ਬਰਨਾਲਾ, ਮਾਨਸਾ, ਮੋਗਾ, ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਦੇ ਸਿਨੇਮਾ-ਘਰਾਂ ਵਿੱਚ ਫਿਲਮ ਨਹੀਂ ਲਗਾਈ ਗਈ। ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੀ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਵੀ ਕਈ ਸਿਨੇਮਾ-ਘਰਾਂ ਵਿੱਚ ਫਿਲਮ ਲਗਾਈ ਗਈ ਹੈ, ਜਿਸ ਦਾ ਸਿੱਖ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਵੇਗਾ।
