ਸ਼ੰਭੂ ਵਿਖੇ ਕਿਸਾਨਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਅਤੇ ਖਨੌਰੀ ਬਾਰਡਰ ਉਪਰ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦੇ ਚਲ ਰਹੇ ਮਰਨ ਵਰਤ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ 23 ਦਸੰਬਰ ਨੂੰ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤਾ ਜਾਵੇਗਾ। ਹੁਣ ਸੰਯੁਕਤ ਕਿਸਾਨ ਮੋਰਚਾ ਵੀ ਕਿਸਾਨ ਅੰਦੋਲਨ ਦੇ ਹੱਕ ਵਿਚ ਨਿਤਰ ਗਿਆ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਬੋਲਦਿਆਂ ਕਿਹਾ ਕਿ ਕੱਲ੍ਹ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੀ ਆਨਲਾਈਨ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਸੂਬਿਆਂ ਦੇ 30 ਨੁਮਾਇੰਦੇ ਸ਼ਾਮਲ ਹੋਏ ਹੋਏ ਸਨ।
ਪਹਿਲਾਂ ਵੀ ਏਕਤਾ ਲਈ ਕੀਤੇ ਗਏ ਸਨ ਯਤਨ : ਸਰਵਣ ਪੰਧੇਰ
ਇਸ ਮੌਕੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਸੰਯੁਕਤ ਕਿਸਾਨ ਮੋਰਚਾ ਦੀਆਂ ਸਮੂਹ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜਦਿਆਂ ਲਿਖਿਆ ਹੈ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਅੰਦੋਲਨ-2 ਸ਼ੁਰੂ ਕਰਨ ਤੋਂ ਪਹਿਲਾਂ ਵੀ ਏਕਤਾ ਲਈ ਯਤਨ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਭਾਵੇਂ ਕਈ ਕਾਰਨਾਂ ਕਰ ਕੇ ਕੀਤੇ ਯਤਨ ਸਫ਼ਲ ਨਹੀਂ ਹੋ ਸਕੇ ਪਰ ਅਸੀਂ ਕਿਸਾਨ ਮਜ਼ਦੂਰ ਮੋਰਚੇ ਨੇ ਦੇਸ਼ ਵਿਆਪੀ ਕਿਸਾਨਾਂ ਮਜ਼ਦੂਰਾਂ ਦੇ ਕਿੱਤੇ ਨਾਲ ਸਬੰਧਤ 12 ਮੰਗਾਂ ਉੱਤੇ ਲੜੇ ਜਾ ਰਹੇ ਸੰਘਰਸ਼ ਦੀ ਚੜ੍ਹਦੀਕਲਾ ਲਈ ਸਮੁੱਚੀ ਏਕਤਾ ਲਈ ਯਤਨ ਜਾਰੀ ਰਖਦਿਆਂ ਆਪ ਨੂੰ ਦੁਬਾਰਾ ਸੱਦਾ ਦਿੱਤਾ ਹੈ ਤੇ ਸੱਦਾ ਪ੍ਰਵਾਨ ਹੋਣ ‘ਤੇ ਅੱਗੇ ਮੀਟਿੰਗਾਂ ਦਾ ਸਿਲਸਿਲਾ ਅੱਗੇ ਚਲਾ ਸਕਦੇ ਹੈ।

