ਨਾਭਾ :- ਡਿਫੈਂਸ ਕਾਲੋਨੀ ਵਿਖੇ ਅੱਜ ਸ਼ਾਮ ਪਾਰਵਕਾਮ ਦੇ ਇਕ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
ਪੀ. ਐੱਸ. ਪੀ. ਸੀ. ਐੱਲ. ਵਿਚ ਸਹਾਇਕ ਲਾਈਨਮੈਨ ਵਜੋਂ ਤਾਇਨਾਤ ਰਾਜੀਵ ਲਾਲਕਾ ਬਿਜਲੀ ਦੀ ਖਰਾਬੀ ਨੂੰ ਠੀਕ ਕਰਨ ਲਈ ਡਿਫੈਂਸ ਕਾਲੋਨੀ ਵਿਖੇ ਖੰਭੇ ਉੱਪਰ ਕੰਮ ਕਰ ਰਿਹਾ ਸੀ ਕਿ ਅਚਾਨਕ ਕਰੰਟ ਲੱਗ ਗਿਆ ਅਤੇ ਉਹ ਖੰਭੇ ਤੋਂ ਹੇਠਾਂ ਡਿੱਗ ਗਿਆ। ਸਾਥੀ ਮੁਲਾਜ਼ਮਾਂ ਨੇ ਤੁਰੰਤ ਸਿਵਲ ਹਸਪਤਾਲ ਨਾਭਾ ਲਿਆਂਦਾ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ।
ਇਸ ਸਬੰਧੀ ਐੱਸ. ਡੀ. ਓ. ਦਿਹਾਤੀ ਸੁਰਜੀਤ ਸਿੰਘ ਨੇ ਕਿਹਾ ਕਿ ਬਿਜਲੀ ਦੀ ਮੁਰੰਮਤ ਲਈ ਉਨ੍ਹਾਂ ਦੀ ਟੀਮ ਡਿਫੈਂਸ ਕਾਲੋਨੀ ਗਈ ਹੋਈ ਸੀ, ਜਿਥੇ ਕੁਝ ਕੰਮ ਕੀਤਾ ਜਾ ਚੁੱਕਾ ਸੀ। ਅਚਾਨਕ ਕੰਮ ਕਰਦਿਆਂ ਸਹਾਇਕ ਲਾਈਨਮੈਨ ਨੂੰ ਕਰੰਟ ਲੱਗ ਗਿਆ।
