

ਦੋਵੇਂ ਪਿਓ-ਪੁੱਤ ਲਾਪਤਾ
ਸ੍ਰੀ ਮੁਕਤਸਰ ਸਾਹਿਬ :- ਪਿੰਡ ਵੜਿੰਗ ਤੋਂ ਗੁਜ਼ਰਦੀ ਰਾਜਸਥਾਨ ਫੀਡਰ ਨਹਿਰ ’ਚ ਸ਼ਨੀਵਾਰ ਸਵੇਰੇ ਕਰੀਬ 8 ਵਜੇ ਪਿਓ-ਪੁੱਤ ਨੇ ਛਾਲ ਮਾਰ ਦਿੱਤੀ। ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਪਿਤਾ-ਪੁੱਤਰ ਲਾਪਤਾ ਹੋ ਗਏ। ਪਿਓ ਦੀ ਪਛਾਣ ਗੁਰਲਾਲ ਸਿੰਘ (36) ਤੇ ਪੁੱਤ ਦੀ ਪਛਾਣ ਬਲਜੋਤ ਸਿੰਘ (15) ਵਾਸੀ ਮੜਾਹਕ ਕਲਾਂ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਗੁਰਲਾਲ ਸਿੰਘ ਦੇ ਸਿਰ ’ਤੇ ਕਾਫ਼ੀ ਕਰਜ਼ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਗੋਤਾਖੋਰ ਰੈਸਕਿਊ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਤੱਖਦਰਸ਼ੀਆਂ ਅਨੁਸਾਰ ਦੋਵੇਂ ਪਿਉ-ਪੁੱਤ ਮੋਟਰਸਾਈਕਲ ’ਤੇ ਆਏ ਤੇ ਅਚਾਨਕ ਨਹਿਰ ’ਚ ਛਾਲ ਮਾਰ ਦਿੱਤੀ।
ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸਤਨਾਮ ਸਿੰਘ ਤੇ ਥਾਣਾ ਬਰੀਵਾਲਾ ਦੇ ਇੰਚਾਰਜ ਜਗਸੀਰ ਸਿੰਘ ਮੌਕੇ ’ਤੇ ਪਹੁੰਚੇ। ਐੱਨ. ਡੀ. ਆਰ. ਐੱਫ. ਟੀਮ ਵੀ ਮੌਕੇ ’ਤੇ ਪਹੁੰਚ ਕੇ ਰੈਸਕਿਊ ਸ਼ੁਰੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਦੇ ਸਿਰ ’ਤੇ ਕਰਜ਼ ਸੀ, ਜਿਸ ਨੂੰ ਲੈ ਕੇ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇੇ ਇਹ ਕਦਮ ਉਠਾਇਆ ਹੈ।
ਪਤਾ ਚੱਲਿਆ ਹੈ ਕਿ ਉਸ ਦਾ ਬੇਟਾ ਮੁਕਤਸਰ ਦੇ ਹਰੀਕੇ ਕਲਾਂ ’ਚ ਸਥਿਤ ਇਕ ਨਿੱਜੀ ਸਕੂਲ ’ਚ ਪੜ੍ਹਦਾ ਸੀ। ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਘਟਨਾ ਤੋਂ ਪਹਿਲਾਂ ਗੁਰਲਾਲ ਨੇ ਇਕ ਵੀਡੀਓ ਵੀ ਬਣਾਇਆ ਸੀ। ਪੁਲਸ ਇਸ ਵੀਡੀਓ ਦੀ ਜਾਂਚ ਕਰ ਰਹੀ ਹੈ।
