ਪੇਸ਼ਾਵਰ : ਪੇਸ਼ਾਵਰ ਦੀ ਅੱਤਵਾਦ ਰੋਕੂ ਅਦਾਲਤ (ਏ. ਟੀ. ਸੀ.) ਨੇ ਸ਼ਨੀਵਾਰ ਨੂੰ ਪੇਸ਼ਾਵਰ ਜੁੂਡੀਸ਼ੀਅਲ ਕੰਪਲੈਕਸ ਦੀ ਅਦਾਲਤ ਵਿਚ ਚਾਰ ਸਾਲ ਪਹਿਲਾਂ ਈਸ਼ਨਿੰਦਾ ਦੇ ਦੋਸ਼ ਵਿਚ ਇਕ ਿਵਚਾਰਧੀਨ ਕੈਦੀ ਦੀ ਹੱਤਿਆ ਕਰਨ ਵਾਲੇ ਿਵਅਕਤੀ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਅਤੇ 10 ਲੱਖ ਰੁਪਏ ਜੁਰਮਾਨਾ ਸੁਣਾਇਆ।
ਏ. ਟੀ. ਸੀ. ਜੱਜ ਨੇ ਇਹ ਹੁਕਮ ਪੇਸ਼ਾਵਰ ਕੇਂਦਰੀ ਜੇਲ ਦੇ ਅੰਦਰ ਸੁਣਾਇਆ, ਜਿਥੇ ਸਰਹੱਦ ਪਾਰਲੇ ਸੂਤਰਾਂ ਅਨੁਸਾਰ ਸੁਰੱਖਿਆ ਕਾਰਨਾਂ ਕਰ ਕੇ ਕੇਸ ਦੀ ਸੁਣਵਾਈ ਹੋਈ।
ਜੱਜ ਨੇ ਘੋਸ਼ਣਾ ਕੀਤੀ ਕਿ ਇਸਤਗਾਸਾ ਪੱਖ ਨੇ ਦੋਸ਼ੀ ਖਾਲਿਦ ਫੈਜ਼ਲ, ਜਿਸ ਦੀ ਉਮਰ ਘਟਨਾ ਦੇ ਸਮੇਂ ਲਗਭਗ 17 ਸਾਲ ਸੀ, ਦੇ ਖਿਲਾਫ ਆਪਣਾ ਕੇਸ ਸਾਬਤ ਕਰ ਦਿੱਤਾ ਸੀ ਅਤੇ ਰਿਕਾਰਡ ’ਤੇ ਮੌਜੂਦ ਸਬੂਤਾਂ ਨੇ ਉਸ ਨੂੰ ਅਪਰਾਧ ਲਈ ਦੋਸ਼ੀ ਪਾਇਆ ਪਰ ਉਸ ਨੂੰ ਕਿਸੇ ਕਿਸਮ ਦੀ ਰਿਆਇਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਇਸ ਮਾਮਲੇ ਵਿਚ ਸਹਿ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।