ਤਿਰੰਗੇ ਵਿਚ ਲਪੇਟ ਕੇ ਵਾਪਸ ਆਏ ਹੌਲਦਾਰ ਯਾਕੂਬ ਮਸੀਹ, ਫੌਜੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਗੁਰਦਾਸਪੁਰ :- ਬੀਤੇ ਕੱਲ ਜੰਮੂ ਕਸ਼ਮੀਰ ਦੇ ਕਾਰਗਿਲ ਸੈਕਟਰ ਦੇ ਲਮਾਇਰਾ ਖੇਤਰ ਵਿਚ ਅੱਤਵਾਦੀਆਂ ਦੀ ਭਾਲ ਲਈ ਗਸ਼ਤ ਦੌਰਾਨ ਡੂੰਘੀ ਖੱਡ ਵਿਚ ਗੱਡੀ ਡਿੱਗਣ ਕਾਰਨ ਫੌਜ ਦੀ 8 ਡੀਓਜੀ ਯੂਨਿਟ ਦੇ ਹੌਲਦਾਰ ਯਾਕੂਬ ਮਸੀਹ ਦੀ ਸ਼ਹਾਦਤ ਹੋ ਗਈ। ਭਾਰਤ ਮਾਤਾ ਦੇ ਇਸ ਬਹਾਦਰ ਪੁੱਤਰ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਜਾੜ ਵਿਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਫੌਜ ਦੀ 7/11 ਜੀਆਰ ਯੂਨਿਟ ਦੇ ਲੈਫਟੀਨੈਂਟ ਅੰਕਿਤ ਕੁਮਾਰ ਦੀ ਅਗਵਾਈ ਹੇਠ ਤਿੱਬੜੀ ਛਾਉਣੀ ਤੋਂ ਪਹੁੰਚੀ ਫੌਜ ਦੀ ਟੁਕੜੀ ਨੇ ਆਪਣੇ ਹਥਿਆਰ ਉਲਟੇ ਕਰਕੇ ਅਤੇ ਬਿਗਲ ਦੀ ਧੁਨ ਅਤੇ ਹਵਾ ਵਿਚ ਗੋਲੀਆਂ ਚਲਾ ਕੇ ਸ਼ਹੀਦ ਨੂੰ ਸਲਾਮੀ ਦਿੱਤੀ।
ਸ਼ਹੀਦ ਦੀ ਯੂਨਿਟ ਦੇ ਲੈਫਟੀਨੈਂਟ ਅੰਕਿਤ ਕੁਮਾਰ, ਸੂਬੇਦਾਰ ਗੁਰਮੀਤ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸ਼ਹੀਦ ਰਾਜ ਮਸੀਹ ਦੀ ਮਾਂ, ਪਿਤਾ ਸ਼ਿੰਦਾ ਮਸੀਹ, ਪਤਨੀ ਰੀਨਾ, ਧੀ ਆਸਥਾ, ਪੁੱਤਰ ਅਹਮ ਅਤੇ ਮਾਰਕੀਟ ਕਮੇਟੀ ਕਾਦੀਆਂ ਦੇ ਚੇਅਰਮੈਨ ਮੋਹਨ ਸਿੰਘ ਆਦਿ ਨੇ ਸ਼ਹੀਦ ਹਵਲਦਾਰ ਯਾਕੂਬ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ।
ਸ਼ਹੀਦ ਯਾਕੂਬ ਦੀ ਪਤਨੀ ਰੀਨਾ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਉਸਦਾ ਪਤੀ ਦਸੰਬਰ ਵਿਚ 20 ਦਿਨਾਂ ਦੀ ਛੁੱਟੀ ਤੋਂ ਬਾਅਦ ਡਿਊਟੀ ’ਤੇ ਵਾਪਸ ਆਇਆ ਸੀ ਅਤੇ ਦੋ ਦਿਨ ਪਹਿਲਾਂ ਹੀ ਉਸਨੇ ਉਸਨੂੰ ਫੋਨ ’ਤੇ ਕਿਹਾ ਸੀ ਕਿ ਮੈਂ ਠੀਕ ਹਾਂ, ਬੱਚਿਆਂ ਦਾ ਧਿਆਨ ਰੱਖਣਾ, ਕਸ਼ਮੀਰ ਵਿਚ ਖ਼ਤਰਾ ਹੈ, ਮੈਂ ਜਲਦੀ ਹੀ ਛੁੱਟੀ ’ਤੇ ਵਾਪਸ ਆਵਾਂਗਾ।
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੀ ਪ੍ਰੀਸ਼ਦ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਅਸੀਂ ਉਨ੍ਹਾਂ ਦੇ ਹੌਸਲੇ ਨੂੰ ਹਾਰਨ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਹੌਲਦਾਰ ਯਾਕੂਬ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਸੀ। ਇਸ ਸਦਮੇ ਤੋਂ ਉਭਰਨ ਲਈ ਉਨ੍ਹਾਂ ਨੂੰ ਬਹੁਤ ਸਮਾਂ ਲੱਗੇਗਾ।
ਕੁੰਵਰ ਵਿੱਕੀ ਨੇ ਕਿਹਾ ਕਿ ਸਰਕਾਰ ਨੂੰ ਸ਼ਹੀਦ ਯਾਕੂਬ ਦੇ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਪਰਿਵਾਰ ਦਾ ਇਕੋ ਇਕ ਸਹਾਰਾ ਦੇਸ਼ ਲਈ ਕੁਰਬਾਨ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹੀਦ ਦੀ ਯਾਦ ਵਿਚ ਪਿੰਡ ’ਚ ਇਕ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇਲਾਕੇ ਦੀ ਨੌਜਵਾਨ ਪੀੜ੍ਹੀ ਉਸਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਸਕੇ।
ਇਸ ਮੌਕੇ ਸ਼ਹੀਦ ਯੂਨਿਟ ਤੋਂ ਨਾਇਬ ਸੂਬੇਦਾਰ ਵਿਜੇ ਰਾਜ, ਹਵਲਦਾਰ ਕਰਮਵੀਰ ਸਿੰਘ, ਹਵਲਦਾਰ ਮੁਖਤਿਆਰ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਸਰਪੰਚ ਬਲਜੀਤ ਸਿੰਘ, ਮਨੋਹਰ ਸਿੰਘ ਕਲਸੀ, ਨੰਬਰਦਾਰ ਹਰਭਜਨ ਸਿੰਘ, ਕੁਲਬੀਰ ਸਿੰਘ ਆਦਿ ਹਾਜ਼ਰ ਸਨ।
