ਦੇਵੀਗਡ਼੍ਹ – ਜ਼ਿਲਾ ਪਟਿਆਲਾ ਦੇ ਕਸਬਾ ਦੇਵੀਗਡ਼੍ਹ ਨਾਲ ਲੱਗਦੇ ਪਿੰਡ ਭੰਬੂਆਂ ਵਿਖੇ ਵਿਆਹ ਵਾਲੇ ਘਰ ਖੁਸ਼ੀਆਂ ਉਦੋਂ ਗਮ ’ਚ ਬਦਲ ਗਈਆਂ, ਜਦੋਂ ਇਕ ਨਵੇਂ ਵਿਆਹੇ ਨੌਜਵਾਨ ਨੇ ਵਿਆਹ ਤੋਂ ਇਕ ਦਿਨ ਬਾਅਦ ਹੀ ਮਾਨਸਿਕ ਤਣਾਅ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਪਿੰਡ ਭੰਬੂਆਂ ਦੇ ਨੌਜਵਾਨ ਕੁਲਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਬੀਤੀ ਰਾਤ ਨਹਿਰ ਕਿਨਾਰੇ ਖਡ਼੍ਹੇ ਇਕ ਲੋਹੇ ਦੇ ਐਂਗਲ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਕੁਲਦੀਪ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜੋ ਕਿ ਬੀਤੀ ਰਾਤ ਤਕਰੀਬਨ 2 ਢਾਈ ਵਜੇ ਤੱਕ ਪਰਿਵਾਰ ਨਾਲ ਗੱਲਬਾਤ ਕਰਦਾ ਰਿਹਾ। ਫਿਰ ਉਹ ਘਰੋਂ ਬਾਹਰ ਚਲਾ ਗਿਆ, ਜਿਸ ਨੇ ਪਿੰਡ ਦੇ ਬਾਹਰ ਨਹਿਰ ਕਿਨਾਰੇ ਖੜ੍ਹੇ ਇਕ ਲੋਹੇ ਦੇ ਐਂਗਲ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
ਪਰਿਵਾਰ ਨੇ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਮੌਕੇ ’ਤੇ ਜਾ ਕੇ ਦੇਖਿਆ ਤਾਂ ਲਾਸ਼ ਲੋਹੇ ਦੇ ਐਂਗਲ ਨਾਲ ਲਟਕੀ ਹੋਈ ਸੀ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਉਤਾਰਿਆ। ਮ੍ਰਿਤਕਦੇਹ ਨੂੰ ਘਰ ਲਿਆਂਦਾ ਗਿਆ ਅਤੇ ਬਾਅਦ ’ਚ ਸਸਕਾਰ ਕਰ ਦਿੱਤਾ ਗਿਆ। ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਲਈ ਆਪਣੇ ਬਿਆਨ ਪੁਲਸ ਕੋਲ ਦਰਜ ਕਰਵਾ ਦਿੱਤੇ ਗਏ ਹਨ।
