‘ਸੁਨਾਮ ਉਧਮ ਸਿੰਘ ਵਾਲਾ :- ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਿੰਡ ਚੱਠਾ ਸੇਖਵਾ ਦੇ ਨੌਜਵਾਨ ਦੇ ਘਰ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਗੱਲਬਾਤ ਕਰਨ ਪੁੱਜੇ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਬੇੜੀਆਂ ਦੇ ਵਿਚ ਲਿਆਉਣਾ ਬਹੁਤ ਮੰਦਭਾਗੀ ਗੱਲ ਹੈ। ਇਹ ਕੋਈ ਕ੍ਰਿਮੀਨਲ ਨਹੀਂ ਹਨ। ਇਹ ਬਹੁਤ ਮੰਦਭਾਗੀ ਗੱਲ ਹੈ। ਮੀਡੀਆ ਦਿਖਾ ਰਹੀ ਹੈ ਕਿ ਮੋਦੀ ਜੀ ਵਿਸ਼ਵ ਗੁਰੂ ਬਣ ਗਏ ਹਨ ਤੇ ਵੱਡੀਆਂ ਵੱਡੀਆਂ ਮੁਲਕਾਂ ਦੀਆਂ ਜੰਗਾਂ ਨੂੰ ਰੋਕਣ ਦੀ ਗੱਲ ਆਖਦੇ ਹਨ ਪਰ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਬੇੜੀਆਂ ਤੋਂ ਵੀ ਆਜ਼ਾਦ ਨਹੀਂ ਕਰਵਾ ਪਾਏ ਜਦਕਿ ਜਦੋਂ ਇਨ੍ਹਾਂ ਨੂੰ ਬੇੜੀਆਂ ਵਿਚ ਲਿਆਇਆ ਜਾ ਰਿਹਾ ਸੀ ਤਾਂ ਮੋਦੀ ਸਾਹਿਬ ਟਰੰਪ ਨੂੰ ਜੱਫੀਆਂ ਪਾ ਰਹੇ ਸਨ।
ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਟਰੈਵਲ ਏਜੰਟ ਹਰਿਆਣਾ ਦੇ ਹਨ, ਜੋ ਨੌਜਵਾਨਾਂ ਨੂੰ ਡੰਕੀ ਰਾਹੀ ਬਾਹਰ ਭੇਜ ਰਹੇ ਹਨ। ਉੱਥੇ ਦੀ ਤੇ ਕੇਂਦਰ ਸਰਕਾਰ ਨੂੰ ਉਨ੍ਹਾਂ ’ਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਹਨ ਕਿ ਅੰਮ੍ਰਿਤਸਰ ਅਮਰੀਕਾ ਦੇ ਨੇੜੇ ਪੈਂਦਾ ਤਾਂ ਹੀ ਇੱਥੇ ਜਹਾਜ਼ ਉਤਾਰੇ ਜਾ ਰਹੇ ਹਨ ਤੇ ਜੇਕਰ ਇਹ ਗੱਲ ਹੈ ਤਾਂ ਅੰਮ੍ਰਿਤਸਰ ਤੋਂ ਸਿੱਧੀਆਂ ਫਲਾਈਟਾਂ ਕਿਉਂ ਨਹੀਂ ਚਲਾਈਆਂ ਜਾਂਦੀਆਂ। ਇਸ ਮੌਕੇ ਜਤਿੰਦਰ ਜੈਨ, ਮਣੀ ਸਰਾਓ ਅਤੇ ਹੋਰ ਵੀ ਮੌਜੂਦ ਸਨ।
