ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦੇ ਮਾਮਲੇ ਵਿਚ ਐੱਨ. ਆਰ. ਆਈ. ਵਿੰਗ ਸਖ਼ਤ

ਇਕ ਟਰੈਵਲ ਏਜੰਟ ਗ੍ਰਿਫਤਾਰ, 3 ਦਿਨ ਦੇ ਪੁਲਸ ਰਿਮਾਂਡ ’ਤੇ

ਪਟਿਆਲਾ  :- ਧੋਖਾਦੇਹੀ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਥਾਣਾ ਐੱਨ. ਆਰ. ਆਈ. ਵਿੰਗ ਪਟਿਆਲਾ ਦੀ ਪੁਲਸ ਨੇ ਐੱਸ. ਐੱਚ. ਓ. ਅਭੇ ਸਿੰਘ ਚੌਹਾਨ ਦੀ ਅਗਵਾਈ ਹੇਠ ਇਕ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤ ਹੈ। ਮੁਲਜ਼ਮ ਦੀ ਪਛਾਣ ਅਨਿਲ ਬੱਤਰਾ ਵਾਸੀ ਸ਼ਾਂਤੀ ਨਗਰ ਟੇਕਾ ਮਾਰਕੀਟ ਥਾਨੇਰ ਕੁਰੂਕਸ਼ੇਤਰ (ਹਰਿਆਣਾ) ਵਜੋਂ ਹੋਈ ਹੈ।

ਐੱਸ. ਪੀ. ਐੱਨ. ਆਰ. ਆਈ. ਮਾਮਲੇ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਏ ਆਪਰੇਸ਼ਨ ਤਹਿਤ ਅਨਿਲ ਬੱਤਰਾ ਨੂੰ ਉਸ ਦੇ ਸਹੁਰੇ ਘਰ ਪ੍ਰਤਾਪ ਨਗਰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਅਨਿਲ ਬੱਤਰਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਨਿਲ ਬੱਤਰਾ ਦਾ 3 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ। ਅਨਿਲ ਬੱਤਰਾ ਨੂੰ ਥਾਣਾ ਐੱਨ. ਆਰ. ਆਈ. ਪਟਿਆਲਾ ਵਿਖੇ 8 ਫਰਵਰੀ ਨੂੰ ਦਰਜ ਐੱਫ. ਆਈ. ਆਰ. ਨੰਬਰ 6 ਅਧੀਨ ਧਾਰਾ 406, 420, 370 ਅਤੇ 120 ਬੀ ਆਈ. ਪੀ. ਸੀ. ਅਤੇ 24 ਇਮੀਗ੍ਰੇਸ਼ਨ ਐਕਟ 1983 ਤਹਿਤ ਦਰਜ ਕੇਸ ’ਚ ਦਰਜ ਗ੍ਰਿਫਤਾਰ ਕੀਤਾ ਗਿਆ ਹੈ।

ਗੁਰਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਅਨਿਲ ਬੱਤਰਾ ਨੇ ਉਸ ਦੇ ਲਈ ਸੂਰੀਨਾਮ ਦਾ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰ ਕੇ ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਪ੍ਰਕ੍ਰਿਆ ਨੂੰ ਸੁਚਾਰੂ ਬਣਾਇਆ ਸੀ। ਗੁਰਵਿੰਦਰ ਸਿੰਘ ਨੇ ਸੁੂਰੀਨਾਮ ਪਹੁੰਚਣ ਤੋਂ ਬਾਅਦ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ ਜਿਵੇਂ ਬ੍ਰਾਜ਼ੀਲ ਜਾਂ ਕੋਲੰਬੀਆ ’ਚ ਪੈਦਲ ਰਸਤਾ ਤੈਅ ਕਰਦਾ ਸੀ। ਜਿਥੇ ਉਹ ਮੱਧ ਅਮਰੀਕਾ ’ਚ ਦਾਖਲ ਹੋਇਆ। ਮੱਧ ਅਮਰੀਕਾ ’ਚ ੳੁਸ ਨੇ ਪਨਾਮਾ, ਕੋਸਟਾਰੀਕਾ, ਨਿਕਾਰਾਗੁਆ, ਹੋਂਡੂਰਸ, ਗੁਆਟੇਮਾਲਾ ਅਤੇ ਮੈਕਸੀਕੋ ਵਰਗੇ ਦੇਸ਼ਾਂ ’ਚੋਂ ਦੀ ਯਾਤਰਾ ਕੀਤੀ। ਇੱਥੋਂ ਉਸ ਨੂੰ ਸਮੱਗਲਰਾਂ ਦੀ ਮਦਦ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਅਨਿਲ ਬੱਤਰਾ ਦੇ 14 ਫਰਵਰੀ ਨੂੰ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ। ਉਸ ਦੇ ਖਾਤੇ ’ਚ ਪਿਆ 6 ਲੱਖ 35 ਹਜ਼ਾਰ 136 ਰੁਪਏ ਬਕਾਇਆ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਵਿਅਕਤੀਆਂ ਦੇ ਮਾਮਲੇ ’ਚ ਜਾਂਚ ਲਈ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਏ. ਡੀ. ਜੀ. ਪੀ. ਐੱਨ. ਆਰ. ਆਈ. ਪ੍ਰਵੀਨ ਸਿਨਹਾ ਦੀ ਅਗਵਾਈ ਹੇਠ 4 ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ। ਟੀਮ ਵਿਚੋਂ ਆਈ. ਜੀ. ਐੱਸ. ਭੁੂਪਤੀ ਨੇ ਪਿਛਲੇ ਦਿਨੀਂ ਪਟਿਆਲਾ ’ਚ ਪੀਡ਼ਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੀÎਟਿੰਗ ਕੀਤੀ ਸੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਲਈਆਂ ਸਨ। ਜਿਸ ਦੇ ਅਾਧਾਰ ’ਤੇ ਐੱਨ. ਆਰ. ਆਈ. ਵਿੰਗ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਮਾਮਲੇ ’ਚ ਅਨਿਲ ਬੱਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਦੂਜੇ ਪਾਸੇ ਡੀ. ਜੀ. ਪੀ. ਪੰਜਾਬ ਨੇ ਫਿਰ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲਾਇੰਸਸਸ਼ੁਦਾ ਏਜੰਟਾਂ ਦੇ ਜ਼ਰੀਏ ਅਤੇ ਸਹੀ ਵਿਧੀ ਰਾਹੀਂ ਵੀਜਾ ਅਪਲਾਈ ਕਰ ਕੇ ਵੀਜੇ ’ਤੇ ਵਿਦੇਸ਼ਾਂ ’ਚ ਜਾਣ।

Leave a Reply

Your email address will not be published. Required fields are marked *