1.31 ਕਰੋੜ ਦੀ ਲਾਗਤ ਨਾਲ ਕੀਤਾ ਤਿਆਰ
ਲੌਂਗੋਵਾਲ – ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਲੌਂਗੋਵਾਲ ਵਿਖੇ 1.31 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਨਵੇਂ ਆਧੁਨਿਕ ਬੱਸ ਅੱਡੇ ਦਾ ਉਦਘਾਟਨ ਕੀਤਾ ਗਿਆ। ਇਲਾਕਾ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨਿੱਜੀ ਪੱਧਰ _ਤੇ ਅਣਥੱਕ ਯਤਨ ਕੀਤੇ ਗਏ ਜਿਸ ਸਦਕਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਵਾਰੀਆਂ ਨੂੰ ਬੱਸ ਅੱਡੇ ਦੀ ਸਹੂਲਤ ਨਸੀਬ ਹੋਈ।
ਇਸ ਦੇ ਨਾਲ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨਵੇਂ ਬਣਾਏ ਗਏ ਬੱਸ ਅੱਡੇ ਦਾ ਨਾਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਂ ’ਤੇ ਰੱਖਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਲੌਂਗੋਵਾਲ ਨੇੜਲੇ 11 ਪਿੰਡਾਂ ਦੀਆਂ ਪੰਚਾਇਤਾਂ ਨੂੰ ਸੋਲਰ ਲਾਈਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਅ ਰਹੇ ਹਨ।
ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੀ ਇਸ ਮੰਗ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਮੰਡੀ ਬੋਰਡ ਦੀ ਲਗਭਗ 0.54 ਏਕੜ ਜਗ੍ਹਾ ਨੂੰ ਨਗਰ ਕੌਂਸਲ ਲੌਂਗੋਵਾਲ ਨੂੰ ਪਟੇਨਾਮੇ ’ਤੇ ਦਿੱਤਾ ਗਿਆ ਅਤੇ ਲੋਕ ਨਿਰਮਾਣ ਵਿਭਾਗ ਤੋਂ ਬੱਸ ਅੱਡਾ ਤਿਆਰ ਕਰਵਾਇਆ ਗਿਆ। ਇਹ ਅੱਡਾ ਤਿਆਰ ਹੋਣ ਨਾਲ ਸਥਾਨਕ ਨਗਰ ਕੌਂਸਲ ਨੂੰ ਸ਼ੁਰੂਆਤੀ ਤੌਰ ’ਤੇ 90,000 ਪ੍ਰਤੀ ਮਹੀਨਾ ਆਮਦਨੀ ਸ਼ੁਰੂ ਹੋ ਜਾਵੇਗੀ ਜਿਸ ਨੂੰ ਲੌਂਗੋਵਾਲ ਦੇ ਵਿਕਾਸ ’ਤੇ ਹੀ ਖਰਚਿਆ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਲਦ ਹੀ ਲੌਂਗੋਵਾਲ ਦੇ ਪਟਵਾਰਖ਼ਾਨੇ ਦਾ ਵੀ ਜਲਦ ਹੀ ਨਵੀਨੀਕਰਨ ਕਰਵਾਇਆ ਜਾਵੇਗਾ ਜਿਸ ਲਈ 34 ਲੱਖ ਰੁਪਏ ਮਨਜ਼ੂਰ ਕਰਵਾਏ ਗਏ ਹਨ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ ਫਤਿਹ ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ ਅੰਮ੍ਰਿਤ ਪਾਲ ਸਿੰਘ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਜੇ ਗਰਗ, ਈ.ਓ ਬਾਲ ਕ੍ਰਿਸ਼ਨ ਸਰਪੰਚ ਬਲਵਿੰਦਰ ਢਿੱਲੋਂ,ਰਾਜ ਸਿੰਘ ਰਾਜੂ,ਬਲਾਕ ਪ੍ਰਧਾਨ ਵਿੱਕੀ ਵਸ਼ਿਸਟ, ਮੇਲਾ ਸਿੰਘ ਸੂਬੇਦਾਰ, ਕੌਂਸਲਰ ਰੀਨਾ ਰਾਣੀ ਬਲਜਿੰਦਰ ਕੌਰ ਆਦਿ ਹਾਜ਼ਰ ਸਨ।
