ਸ਼ਪੈਸ਼ਲ ਸੈੱਲ ਪਟਿਆਲਾ ਦੀ ਵੱਡੀ ਕਾਰਵਾਈ

ਤਾਰਾ ਦੱਤ ਗਰੁੱਪ ਦੇ 3 ਮੈਂਬਰ ਹਥਿਆਰਾਂ ਸਮੇਤ ਗ੍ਰਿਫਤਾਰ

ਪਟਿਆਲਾ :- ਸਪੈਸ਼ਲ ਸੈੱਲ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਤਾਰਾ ਦੱਤ ਗਰੁੱਪ ਦੇ 3 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ 4 ਪਿਸਤੌਲਾਂ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਇਸ ਸਬੰਧੀ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਐੱਸ. ਪੀ. ਸਿਟੀ ਵੈਭਵ ਚੌਧਰੀ, ਐੱਸ. ਪੀ. ਇਨਵੈਸਟੀਗੇਸ਼ਨ ਯੋਗੇਸ਼ ਕੁਮਾਰ, ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਚਾਰਜ ਸਪੈੱਸ਼ਲ ਸੈੱਲ ਪਟਿਆਲਾ ਦੀ ਨਿਗਰਾਨੀ ਹੇਠ ਸਪੈੱਸ਼ਲ ਸੈੱਲ ਪਟਿਆਲਾ ਦੀ ਟੀਮ ਨੇ ਅਮਰਿੰਦਰ ਸਿੰਘ ਉਰਫ ਬਿੱਲੀ ਪੁੱਤਰ ਮੋਹਨ ਸਿੰਘ ਵਾਸੀ ਬਾਬਾ ਸ਼ੰਕਰ ਗਿਰ ਕਾਲੋਨੀ, ਦੇਵੀਗਡ਼੍ਹ ਪਟਿਆਲਾ, ਸੰਨੀ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਕਾਲਵਾ, ਜ਼ਿਲਾ ਜ਼ੀਂਦ, ਹਰਿਆਣਾ ਹਾਲ ਕਿਰਾਏਦਾਰ ਸੁਖਰਾਮ ਕਾਲੋਨੀ, ਪਟਿਆਲਾ ਅਤੇ ਵਿਕਰਮ ਕੁਮਾਰ ਪੁੱਤਰ ਰਾਧੇ ਕ੍ਰਿਸ਼ਨ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ 4 ਪਿਸਤੌਲ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਲੇਟ ਤਾਰਾ ਦੱਤ ਗਰੁੱਪ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਦੀ ਐੱਸ. ਕੇ. ਖਰੌਡ਼ ਗਰੁੱਪ ਨਾਲ ਤਕਰਾਰਬਾਜ਼ੀ ਚਲਦੀ ਹੈ।

ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਇੰਦਰਜੀਤ ਸਿੰਘ ਤੇਜ਼ਬਾਗ ਕਾਲੋਨੀ ਵਿਖੇ ਮੌਜੂਦ ਸੀ। ਸੂਚਨਾ ਮਿਲੀ ਕਿ ਅਮਰਿੰਦਰ ਸਿੰਘ ਉਰਫ ਬਿੱਲੀ, ਸੰਨੀ ਅਤੇ ਵਿਕਰਮ ਕੁਮਾਰ ਉਰਫ ਵਿਕਰਮ ਜਿਨ੍ਹਾਂ ਖਿਲਾਫ ਪਹਿਲਾਂ ਵੀ ਕਤਲ, ਇਰਾਦਾ ਕਤਲ ਅਤੇ ਆਰਮਜ਼ ਐਕਟ ਮੁਕੱਦਮੇ ਦਰਜ ਰਜਿਸਟਰ ਹਨ ਅਤੇ ਇਨ੍ਹਾਂ ਦੇ ਕ੍ਰਿਮੀਨਲ ਵਿਅਕਤੀਆਂ ਨਾਲ ਸੰਬੰਧ ਹਨ। ਉਹ ਅੱਜ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇਕੱਠੇ ਹੋ ਕੇ ਅਤੇ ਅਸਲੇ ਨਾਲ ਲੈੱਸ ਹੋ ਕੇ ਕਿਸੇ ਵੱਡੇ ਸੰਗਠਿਤ ਅਪਰਾਧ ਨੂੰ ਅੰਜ਼ਾਮ ਦੇਣ ਦੀ ਫਿਰਾਕ ’ਚ ਹਨ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀਆਂ ਖਿਲਾਫ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗੋਪਾਲ ਕਾਲੋਨੀ ਤੋਂ ਗ੍ਰਿਫਤਾਰ ਕਰ ਲਿਆ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਗਿਰੋਹ ਦਾ ਮੁੱਖ ਸਰਗਣਾ ਅਮਰਿੰਦਰ ਸਿੰਘ ਉਰਫ ਬਿੱਲੀ ਉਕਤ ਖਤਰਨਾਕ ਕਿਸਮ ਦਾ ਅਪਰਾਧੀ ਹੈ, ਜੋ ਕਿ ਸਾਲ 2011 ’ਚ ਥਾਪਰ ਕਾਲਜ ਪਟਿਆਲਾ ’ਚ ਹੋਏ ਕਤਲ ਕੇਸ ਦਾ ਮੁੱਖ ਅਪਰਾਧੀ ਹੈ। ਉਸ ਕੇਸ ’ਚ ਅਮਰਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਅਤੇ ਅੱਜਕੱਲ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ। ਅਮਰਿੰਦਰ ਸਿੰਘ ਉਰਫ ਬਿੱਲੀ ਉਕਤ ਲੇਟ ਤਾਰਾ ਦੱਤ ਗਰੁੱਪ ਨਾਲ ਸਬੰਧ ਰੱਖਦਾ ਹੈ।

ਇਨ੍ਹਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ 27 ਜਨਵਰੀ 2025 ਨੂੰ ਮਿਲ ਕੇ ਸਰਹੰਦ ਰੋਡ, ਪਟਿਆਲਾ ਨੇਡ਼ੇ ਸੰਨਰਾਈਜ਼ ਹੋਟਲ ਆਪਣੇ ਵਿਰੋਧੀ ਧਡ਼ੇ ਐੱਸ. ਕੇ. ਖਰੌਡ਼ ਗਰੁੱਪ ਦੇ ਮੈਂਬਰ ਆਫਤਾਬ ਮੁਹੰਮਦ ਉਰਫ ਫੂਲ ਮੁਹੰਮਦ ’ਤੇ ਮਾਰ ਦੇਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕੀਤਾ ਸੀ, ਜਿਸ ’ਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਸਬੰਧੀ ਥਾਣਾ ਅਨਾਜ ਮੰਡੀ ਪਟਿਆਲਾ ’ਚ ਅਧੀਨ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੈ। ਇਸ ਕੇਸ ’ਚ ਵੀ ਉਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ। ਇਨ੍ਹਾਂ ਦਾ ਮੇਨ ਟਾਰਗੇਟ ਆਫਤਾਬ ਮੁਹੰਮਦ ਉਰਫ ਫੂਲ ਮੁਹੰਮਦ, ਜੋ ਐੱਸ. ਕੇ. ਖਰੌਡ਼ ਗਰੁੱਪ ਦਾ ਇਕ ਮੈਂਬਰ ਹੈ, ਦਾ ਇਨ੍ਹਾਂ ਹਥਿਆਰਾਂ ਨਾਲ ਕਤਲ ਕਰਨਾ ਸੀ।  ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰੀ ਨਾਲ ਦੋਵੇਂ ਗਰੁੱਪਾਂ ਦੀ ਗੈਂਗਵਾਰ ਹੋਣ ਤੋਂ ਟਾਲਿਆ ਗਿਆ ਹੈ।

Leave a Reply

Your email address will not be published. Required fields are marked *