ਪੰਜਾਬ ਦੇ ਪਹਿਲੇ 21 ਕਿਲੋਮੀਟਰ ਓਪਨ ਸਮੁੰਦਰ ਤੈਰਾਕ ਦਾ ਮਾਣ ਕੀਤਾ ਹਾਸਲ
ਪਠਾਨਕੋਟ, 22 ਦਸੰਬਰ – ਮੌਂਟੈਂਸਰੀ ਕੈਂਬ੍ਰਿਜ ਸਕੂਲ ਪਠਾਨਕੋਟ ਦੇ 10ਵੀਂ ਜਮਾਤ ਦੇ ਵਿਦਿਆਰਥੀ ਵਿਨਾਇਕ ਮਹਾਜਨ ਨੇ ਇਕ ਅਨੌਖੀ ਉਪਲਬੱਧੀ ਹਾਸਲ ਕੀਤੀ ਹੈ। ਉਸ ਨੇ ਸਵੀਮਿੰਗ ਫੈੱਡਰੇਸ਼ਨ ਆਫ ਇੰਡੀਆ ਅਧੀਨ ਅਰਬ ਸਾਗਰ ’ਚ 21 ਕਿਲੋਮੀਟਰ ਓਪਨ ਸੀ ਤੈਰਾਕੀ ਦੀ ਚੁਣੌਤੀ ਨੂੰ ਪੂਰਾ ਕਰ ਕੇ ਪੰਜਾਬ ਅਤੇ ਭਾਰਤ ਦੇ ਚੁਣੇ ਗਏ ਤੈਰਾਕਾਂ ’ਚੋਂ ਪਹਿਲਾ ਤੈਰਾਕ ਬਣ ਗਿਆ ਹੈ।
ਜਾਣਕਾਰੀ ਅਨੁਸਾਰ 17 ਦਸੰਬਰ ਦੀ ਸਵੇਰ ਨੂੰ ਵਿਨਾਇਕ ਨੇ ਗੇਟਵੇ ਆਫ ਇੰਡੀਆ ਤੋਂ ਪ੍ਰੋਂਗਸ ਲਾਈਟਹਾਊਸ ਤੱਕ ਕਿਸ਼ਤੀ ਰਾਹੀਂ ਯਾਤਰਾ ਕੀਤੀ, ਜਿਥੇ ਉਸ ਨੇ ਕਠੋਰ ਮੌਸਮ ਅਤੇ ਸਮੁੰਦਰੀ ਜੀਵਾਂ ਤੋਂ ਸੁਰੱਖਿਆ ਲਈ ਆਪਣੇ ਸਰੀਰ ’ਤੇ ਗਰੀਸ ਲਗਾਈ। ਸਵੇਰੇ 7:40 ਵਜੇ ਉਸ ਨੇ ਅਰਬ ਸਾਗਰ ’ਚ ਡੁਬਕੀ ਲਗਾਈ ਅਤੇ ਉੱਚੀਆਂ ਲਹਿਰਾਂ ਅਤੇ ਬਦਲਦੇ ਤਾਪਮਾਨ ਦੇ ਵਿਚਕਾਰ ਤੈਰਾਕੀ ਕਰਦੇ ਹੋਏ ਮੁੰਬਈ ਦੇ ਅਟਲ ਸੇਤੂ ਪੁਲ ਤੱਕ ਦੀ ਦੂਰੀ ਨੂੰ 3 ਘੰਟੇ 43 ਮਿੰਟ ’ਚ ਇਕ ਸ਼ਾਨਦਾਰ ਤਰੀਕੇ ਨਾਲ ਪੂਰਾ ਕੀਤਾ।ਇਸ ਦੌਰਾਨ ਉਸ ਦੀ ਊਰਜਾ ਬਣਾਈ ਰੱਖਣ ਲਈ ਸਮੇਂ-ਸਮੇਂ ’ਤੇ ਭੋਜਨ ਦਿੱਤਾ ਜਾਂਦਾ ਸੀ।
ਇਹ ਇਤਿਹਾਸਕ ਪ੍ਰਾਪਤੀ ਨਾ ਸਿਰਫ਼ ਵਿਨਾਇਕ ਨੂੰ ਭਾਰਤ ਦੇ ਉੱਘੇ ਤੈਰਾਕਾਂ ’ਚੋਂ ਇਕ ਬਣਾ ਦਿੰਦੀ ਹੈ, ਸਗੋਂ ਉਸ ਨੂੰ ਇਸ ਚੁਣੌਤੀ ਨੂੰ ਪੂਰਾ ਕਰਨ ਵਾਲੇ ਪੰਜਾਬ ਦੇ ਪਹਿਲੇ ਤੈਰਾਕ ਵਜੋਂ ਵੀ ਸਥਾਪਿਤ ਕਰਦੀ ਹੈ।ਵਿਨਾਇਕ ਨੇ ਤਿੰਨ ਵੱਕਾਰੀ ਸਨਮਾਨ ਹਾਸਲ ਕੀਤੇ, ਜਿਸ ਵਿਚ ਸਮੁੰਦਰਾਂ ਦਾ ਤੈਰਾਕ, ਓਪਨ ਵਾਟਰ ਸਵੀਮਿੰਗ ਸਰਟੀਫਿਕੇਸ਼ਨ, ਲਾਈਫ ਗਾਰਡ ਸਰਟੀਫਿਕੇਸ਼ਨ ਸ਼ਾਮਲ ਹਨ।