ਪ੍ਰਤੀ ਪੈਕਟ ਵਸੂਲਦਾ ਸੀ 10 ਹਜ਼ਾਰ ਰੁਪਏ : ਐੱਸ. ਪੀ.
Gurdaspur news :- ਜ਼ਿਲਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਇਕ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ ਕਿ ਉਹ ਵਿਦੇਸ ਬੈਠੇ ਸਮੱਗਲਰਾਂ ਦੇ ਇਸ਼ਾਰੇ ’ਤੇ ਨਸ਼ਾ ਸਮੱਗਲਿੰਗ ਦਾ ਕੰਮ ਕਰ ਰਿਹਾ ਸੀ ਅਤੇ ਹੈਰੋਇਨ ਦਾ ਇਕ ਪੈਕਟ ਸਪਲਾਈ ਕਰਨ ਲਈ ਉਹ 10 ਹਜ਼ਾਰ ਰੁਪਏ ਵਸੂਲਦਾ ਸੀ।
ਇਸ ਸਬੰਧੀ ਅੱਜ ਗੁਰਦਾਸਪੁਰ ਪੁਲਿਸ ਹੈੱਡਕੁਆਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵਿਸ਼ੇਸ਼ ਮਹਿਮ ਦੌਰਾਨ ਕਲਾਨੌਰ ਬਿਜਲੀ ਘਰ ਨੇੜੇ ਨਾਕਾਬੰਦੀ ਦੌਰਾਨ ਇਕ ਹਰੀਮਾਬਾਦ ਵੱਲੋਂ ਸਵਿਫਟ ’ਚ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 532 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੁਲਜਮ ਦੀ ਪਛਾਣ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਫੁਮਨ ਸਿੰਘ ਵਾਸੀ ਹਰੀਮਾਬਾਦ ਥਾਣਾ ਕੋਟਲੀ ਸੂਰਤ ਮੱਲ੍ਹੀ ਵਜੋਂ ਹੋਈ ਹੈ, ਜਿਸ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਕਤ ਮੁਲਜ਼ਮ ਖਿਲਾਫ ਐੱਨ. ਡੀ. ਪੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਸਾਹਿਬ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਹਰੀਮਾਬਾਦ ਅਤੇ ਗੁਰਲਾਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਰੁਡਿਆਣਾ ਦੇ ਕਹਿਣ ਦੇ ਉੱਪਰ ਇਹ ਹੈਰੋਇਨ ਸਪਲਾਈ ਕਰਦਾ ਹੈ। ਉਹ ਦੋਵੇਂ ਇਸ ਸਮੇਂ ਅਮਰੀਕਾ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਕਹਿਣ ’ਤੇ ਉਹ ਅੰਮ੍ਰਿਤਸਰ ਤੋਂ ਹੈਰੋਇਨ ਲੈ ਕੇ ਆਇਆ ਸੀ।
ਉਸਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਹੈਰੋਇਨ ਦਾ ਇਕ ਪੈਕਟ ਦਾਣਾ ਮੰਡੀ ਕਲਾਨੌਰ ਵਿਖੇ ਕਿਸੇ ਅਣਪਛਾਤੇ ਵਿਅਕਤੀ ਨੂੰ ਦੇਣ ਜਾ ਰਿਹਾ ਸੀ, ਇਸ ਤੋਂ ਪਹਿਲਾਂ ਉਹ ਅਣਪਛਾਤੇ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ’ਤੇ ਜਾ ਕੇ ਗੁਰਲਾਲ ਸਿੰਘ ਦੇ ਕਹਿਣ ’ਤੇ ਪੈਕਟ ਦੇ ਕੇ ਆਇਆ ਹੈ। ਉਕਤ ਮੁਲਜ਼ਮ ਦੀ ਉਮਰ ਕਰੀਬ 35 ਸਾਲ ਹੈ, ਜੋ 10 ਹਜ਼ਾਰ ਰੁਪਏ ਲੈ ਕੇ ਦੱਸੀ ਗਈ ਥਾਂ ’ਤੇ ਹੈਰੋਇਨ ਲੈ ਕੇ ਜਾਂਦਾ ਸੀ ਅਤੇ ਉਥੇ ਪਹੁੰਚੇ ਬੰਦੇ ਨੂੰ ਦੇ ਦਿੰਦਾ ਸੀ ਅਤੇ ਹੁਣ ਤੱਕ 11 ਪੈਕਟ ਹੈਰੋਇਨ ਦੇ ਸਪਲਾਈ ਕਰ ਚੁੱਕਿਆ ਹੈ, ਜਦਕਿ 12ਵਾਂ ਪੈਕਟ ਦੇਣ ਜਾ ਰਿਹਾ ਸੀ, ਜਿਸਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਵਿਦੇਸ਼ ਬੈਠੇ ਸਮੱਗਲਰ ਗੁਰਲਾਲ ਖਿਲਾਫ ਵੀ 4 ਦੇ ਕਰੀਬ ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਜਾਂਚ ਜਾਰੀ ਹੈ।
