ਮੰਦਰ ’ਤੇ ਹੈਂਡ ਗ੍ਰਨੇਡ ਸੁੱਟਣ ਵਾਲੇ ਮੁੱਖ ਮੁਲਜ਼ਮ ਦਾ ਐਨਕਾਊਂਟਰ, ਮੌਤ

ਦੂਜਾ ਮੁਲਜ਼ਮ ਫਰਾਰ

ਅੰਮ੍ਰਿਤਸਰ ਵਿਚ ਮੰਦਰ ’ਤੇ ਹੈਂਡ ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ ’ਚੋਂ ਇਕ ਮੁਲਜ਼ਮ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਹੈ। ਸੋਮਵਾਰ ਸਵੇਰੇ ਪੁਲਿਸ ਅਤੇ ਹਮਲਾਵਰਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ’ਚ ਮੁਲਜ਼ਮ ਗੁਰਸਿਦਕ ਉਰਫ਼ ਸਿਦਕੀ ਮਾਰਿਆ ਗਿਆ, ਜਦੋਂ ਕਿ ਉਸ ਦਾ ਸਾਥੀ ਵਿਸ਼ਾਲ ਉਰਫ਼ ਚੂਈ ਫ਼ਰਾਰ ਹੋ ਗਿਆ।
ਪੁਲਿਸ ਨੂੰ ਮਿਲੀ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਸੀ. ਆਈ. ਏ. ਅਤੇ ਛੇਹਰਟਾ ਪੁਲਿਸ ਦੀਆਂ ਟੀਮਾਂ ਨੇ ਦੋਸ਼ੀਆਂ ਨੂੰ ਫੜਨ ਲਈ ਮੁਹਿੰਮ ਚਲਾਈ ਸੀ। ਐੱਸ. ਐੱਚ. ਓ. ਛੇਹਰਟਾ ਨੂੰ ਵਾਰਦਾਤ ’ਚ ਵਰਤੇ ਗਏ ਮੋਟਰਸਾਈਕਲ ਬਾਰੇ ਪੁਖਤਾ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁੱਛਗਿੱਛ ਦੌਰਾਨ ਗੁਰਸਿਦਕ ਅਤੇ ਵਿਸ਼ਾਲ ਦੇ ਨਾਂ ਸਾਹਮਣੇ ਆਏ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਮੁਲਜ਼ਮ ਰਾਜਾਸਾਂਸੀ ਇਲਾਕੇ ਵਿਚ ਘੁੰਮ ਰਹੇ ਹਨ। ਇਸ ਤੋਂ ਬਾਅਦ ਪੁਲਿਸ ਟੀਮਾਂ ਦਾ ਗਠਨ ਕਰ ਕੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਸਵੇਰੇ ਜਦੋਂ ਪੁਲਿਸ ਨੇ ਮੁਲਜ਼ਮਾਂ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਛੱਡ ਕੇ ਪੁਲਿਸ ’ਤੇ ਗੋਲੀਆਂ ਚਲਾਉਣ ਲੱਗੇ।
ਇਸ ਗੋਲੀਬਾਰੀ ਵਿਚ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ ’ਤੇ ਗੋਲੀ ਲੱਗ ਗਈ, ਜਦਕਿ ਇਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਅਤੇ ਪੁਲਿਸ ਦੀ ਗੱਡੀ ਨੂੰ ਵੀ ਲੱਗੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾ ਦਿੱਤੀ, ਜਿਸ ਨਾਲ ਗੁਰਸਿਦਕ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਉਸਦਾ ਸਾਥੀ ਵਿਸ਼ਾਲ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਗੁਰਸਿਦਕ ਅਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਗੁਰਸਿਦਕ ਦੀ ਮੌਤ ਹੋ ਗਈ।
ਪੁਲਿਸ ਹੁਣ ਇਸ ਮਾਮਲੇ ਵਿਚ ਮੁਲਜ਼ਮਾਂ ਦੇ ਪਾਕਿਸਤਾਨ ਅਤੇ ਆਈ. ਐੱਸ. ਆਈ. ਨਾਲ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਫ਼ਰਾਰ ਦੋਸ਼ੀ ਵਿਸ਼ਾਲ ਦੀ ਭਾਲ ਜਾਰੀ ਹੈ ਅਤੇ ਪੁਲਿਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

Leave a Reply

Your email address will not be published. Required fields are marked *