ਮੰਤਰੀ ਚੀਮਾ ਵੱਲੋਂ ਦਿੜ੍ਹਬਾ ਵਿਖੇ ਗਊਸ਼ਾਲਾ ‘ਚ 10 ਲੱਖ ਦੀ ਲਾਗਤ ਨਾਲ ਤਿਆਰ ਨਵੇਂ ਸ਼ੈੱਡ ਦਾ ਉਦਘਾਟਨ

ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਪਲਾਈ ਚੇਨ ਤੋੜਨ ਲਈ ਤਸਕਰਾਂ ਵਿਰੁੱਧ ਸਖ਼ਤੀ ਲਗਾਤਾਰ ਜਾਰੀ : ਹਰਪਾਲ ਚੀਮਾ

ਦਿੜ੍ਹਬਾ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਵਡਿਆਲਾ ਗਊਸ਼ਾਲਾ ਦਿੜ੍ਹਬਾ ਵਿਖੇ ਸ਼੍ਰੀਮਦ ਭਾਗਵਤ ਕਥਾ ਸਪਤਾਹ ਯੱਗ ਦੇ ਸਮਾਪਤੀ ਸਮਾਰੋਹ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਗਊਸ਼ਾਲਾ ‘ਚ 10 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ਸ਼ੈੱਡ ਦਾ ਉਦਘਾਟਨ ਵੀ ਕੀਤਾ ਗਿਆ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਸਰਵੋਤਮ ਸਹੂਲਤਾਂ ਮੁਹੱਈਆ ਕਰਵਾਉਣ ਦੀ ਕਵਾਇਦ ਤਹਿਤ ਦਿੜ੍ਹਬਾ ਹਲਕੇ ਦਾ ਵੀ ਸਰਵਪੱਖੀ ਵਿਕਾਸ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਦਿੜ੍ਹਬਾ ਗਊਸ਼ਾਲਾ ਦੇ ਇਕ ਹੋਰ ਨਵੇਂ ਸ਼ੈੱਡ ਲਈ ਜਲਦ ਹੀ ਗ੍ਰਾਂਟ ਦੇ ਰੂਪ ਵਿੱਚ ਹੋਰ ਵਿੱਤੀ ਸਹਾਇਤਾ ਭੇਜਣ ਦਾ ਐਲਾਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੇ ਤਲਾਬ ਨੂੰ ਸਾਫ ਕਰਵਾ ਕੇ ਮੁੜ ਸੁਰਜੀਤ ਕਰਨ ਦਾ ਕੰਮ ਨਗਰ ਕੌਂਸਲ ਜ਼ਰੀਏ ਕਰਵਾਇਆ ਜਾ ਰਿਹਾ ਹੈ ਜਿਸਨੂੰ ਜਲਦ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾਵੇਗਾ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹਾਲ ਹੀ ਵਿੱਚ ਦਿੜ੍ਹਬਾ ਸ਼ਹਿਰ ਵਿੱਚ ਨਵਾਂ ਪ੍ਰਬੰਧਕੀ ਕੰਪਲੈਕਸ ਤਿਆਰ ਕਰਵਾਇਆ ਗਿਆ ਹੈ ਜਿਸ ਵਿੱਚ ਐਸ.ਡੀ.ਐਮ. ਦਫ਼ਤਰ ਤੇ ਡੀ.ਐਸ.ਪੀ. ਦਫ਼ਤਰ ਦੇ ਨਾਲ-ਨਾਲ ਹੋਰਨਾ ਸਰਕਾਰੀ ਦਫ਼ਤਰਾਂ ਨੂੰ ਢੁੱਕਵੀਂ ਥਾਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਵਿੱਚ ਪੁਲਿਸ ਥਾਣੇ ਦੀ ਨਵੀਂ ਇਮਾਰਤ ਉਸਾਰਨ ਲਈ ਯੋਗ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਥਾਂ ਮਿਲਣ ਤੋਂ ਤੁਰੰਤ ਬਾਅਦ ਇਸਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਦੇ ਮਕਸਦ ਨਾਲ ਦਿੜ੍ਹਬਾ ਵਿਖੇ ਅਦਾਲਤੀ ਕੰਪਲੈਕਸ ਬਣਵਾਉਣ ਦੀ ਕੋਸ਼ਿਸ਼ ਵੀ ਲਗਾਤਾਰ ਜਾਰੀ ਹੈ ਜਿਸਨੂੰ ਜਲਦ ਬੂਰ ਪੈਣ ਦੀ ਸੰਭਾਵਨਾ ਹੈ। ਇਸ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਲਈ ਕੋਈ ਥਾਂ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਨਸ਼ਾ ਤਸਕਰਾਂ ਨੂੰ ਸੂਬੇ ਵਿੱਚੋਂ ਖਤਮ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਇਸ ਮੌਕੇ ਗਊਸ਼ਾਲਾ ਦੇ ਪ੍ਰਬੰਧਕ ਅਤੇ ਮੈਂਬਰ ਵੀ ਮੌਜੂਦ ਸਨ।

Leave a Reply

Your email address will not be published. Required fields are marked *