50 ਹਜ਼ਾਰ ਰੁਪਏ ਜੁਰਮਾਨਾ
ਸ੍ਰੀ ਮੁਕਤਸਰ ਸਾਹਿਬ :-ਵਧੀਕ ਜ਼ਿਲਾ ਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਨੇ ਇਕ 5 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ 43 ਸਾਲ ਦੇ ਵਿਅਕਤੀ ਨੂੰ 20 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ।
ਮਾਮਲਾ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਥਾਣਾ ਲੰਬੀ ਅਧੀਨ ਪੈਂਦੇ ਇਕ ਪਿੰਡ ਦਾ ਹੈ। ਪੁਲਸ ਵੱਲੋਂ ਉਸ ਸਮੇਂ ਦਰਜ ਕੀਤੀ ਐੱਫ. ਆਈ. ਆਰ. ’ਚ ਨਬਾਲਿਗ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਦਿਹਾੜੀ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਤੇ ਉਹ 19 ਜੁਲਾਈ 2021 ਨੂੰ ਦਿਹਾੜੀ ਲਈ ਗਈ ਹੋਈ ਸੀ। ਉਸ ਉਪਰੰਤ ਉਸ ਦਾ ਪਤੀ ਤੇ ਉਸ ਦੀ 5 ਸਾਲ ਦੀ ਬੱਚੀ ਘਰ ਸੀ। ਇਸ ਦੌਰਾਨ ਜਦ ਉਸ ਦੀ ਬੱਚੀ ਗਲੀ ’ਚ ਖੇਡ ਰਹੀ ਸੀ ਤਾਂ ਪਿੰਡ ਦਾ ਹੀ ਇਕ ਵਿਅਕਤੀ ਅੰਗਦ ਦੇਵ ਉਸ ਦੀ ਬੱਚੀ ਨੂੰ ਖਾਣ ਦੀਆਂ ਚੀਜ਼ਾਂ ਦਿਵਾਉਣ ਦਾ ਲਾਲਚ ਦੇ ਗਲੀ ’ਚੋਂ ਚੁੱੱਕ ਲੈ ਗਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।
ਬੱਚੀ ਰੌਣ ਲੱਗੀ ਤੇ ਉਹ ਘਰ ਕੋਲ ਛੱਡ ਗਿਆ। ਬੱਚੀ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਜਿਸ ’ਤੇ ਉਨ੍ਹਾਂ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਮਾਮਲੇ ’ਚ ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਤੇ ਪੋਕਸੋ ਐਕਟ 3,4 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਅੱਜ ਮਾਣਯੋਗ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਅੰਗਦ ਦੇਵ ਨੂੰ 20 ਸਾਲ ਕੈਦ ਤੇ 50 ਹਜ਼ਾਰ ਜੁਰਮਾਨੇ ਦੀ ਸ਼ਜਾ ਸੁਣਾਈ ਹੈ।
