ਬੱਸ ਨੇ ਸਕੂਲੀ ਵੈਨ ਨੂੰ ਮਾਰੀ ਟੱਕਰ, ਇੱਕ ਵਿਦਿਆਰਥਣ ਦੀ ਹੋਈ ਮੌਤ
ਫਰੀਦਕੋਟ, 19 ਦਸੰਬਰ, ਅੱਜ ਦਿਨ ਚੜ੍ਹਦੇ ਹੀ ਫਰੀਦਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਧੁੰਦ ਕਾਰਨ ਵੱਡਾ ਹਾਦਸਾ ਹੋਇਆ, ਜਿਸ ਵਿਚ ਅੰਮ੍ਰਿਤਸਰ ਵੱਲ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਇੱਕ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਵਿਚ ਸਕੂਲ ਵੈਨ ਵਿਚ ਸਵਾਰ ਵਿਦਿਆਰਥਣਾਂ ਅਤੇ ਡਰਾਈਵਰ ਗੰਭੀਰ ਜਖਮੀਂ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀ. ਜੀ. ਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ।
ਇਸ ਦੌਰਾਨ ਜਖਮੀਆਂ ਦਾ ਹਾਲ ਜਾਨਣ ਲਈ ਡੀ. ਸੀ. ਫਰੀਦਕੋਟ ਵਨੀਤ ਕੁਮਾਰ ਅਤੇ ਐਸ. ਐਸ. ਪੀ. ਫਰੀਦਕੋਟ ਪ੍ਰਗਿਆ ਜੈਨ ਪਹੁੰਚੇ ਅਤੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਵਿਦਿਆਰਥਣਾਂ ਦੇ ਇਲਾਜ ਸਬੰਧੀ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ।
ਇਸ ਸਬੰਧੀ ਗੱਲਬਾਤ ਕਰਦਿਆ ਫਰੀਦਕੋਟ ਦੇ ਐਸ. ਐਸ.ਪੀ. ਪ੍ਰਗਿਆ ਜੈਨ ਨੇ ਦੱਸਿਆ ਕਿ ਤੇਜ ਰਫ਼ਤਾਰ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿਚ ਇਕ ਵਿਦਿਆਰਥਣ ਦੀ ਮੌਤ ਹੋਈ ਹੈ, ਜਦੋਕਿ ਇਕ ਡਰਾਈਵਰ ਅਤੇ ਕੁਝ ਹੋਰ ਵਿਦਿਆਰਥਣਾਂ ਜਖਮੀ ਹੋਈਆਂ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜਖਮੀਆਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ। ਜਾਣਕਾਰੀ ਅਨੁਸਾਰ ਜਖ਼ਮੀ ਹੋਈਆਂ ਲੜਕੀਆਂ ਨੇੜਲੇ ਪਿੰਡ ਕੋਟ ਸੁਖੀਆ ਅਤੇ ਢੁੱਡੀ ਦੀਆਂ ਸਨ। ਜੋ ਸ਼ਹੀਦ ਗੰਜ ਪਬਲਿਕ ਸਕੂਲ ਮੁਦਕੀ ਵਿਖੇ ਪੜ੍ਹਨ ਜਾ ਰਹੀਆਂ ਸੀ।
