ਨਾਭਾ – ਪੰਜਾਬ ਦੇ ਨੌਜਵਾਨਾਂ ਦਾ ਨਸ਼ੇ ਦੀ ਦਲਦਲ ‘ਚ ਡੁੱਬ ਕੇ ਮੌਤ ਦੇ ਮੂੰਹ ਵਿੱਚ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਨਾਭਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਰੋਡ ’ਤੇ ਇਕ 25 ਸਾਲਾ ਨੌਜਵਾਨ ਦੀ ਭੇਤਭਰੀ ਹਾਲਾਤ ’ਚ ਲਾਸ਼ ’ਚ ਬਰਾਮਦ ਹੋਈ ਹੈ।
ਨੌਜਵਾਨ ਨੂੰ ਨਾਭਾ ਦੇ ਸਰਕਾਰੀ ਹਸਪਤਾਲ ’ਚ 108 ਐਬੂਲੈਂਸ ਵੱਲੋਂ ਲਿਆਂਦਾ ਗਿਆ, ਜਿੱਥੇ ਉਸ ਦੀ ਡਾਕਟਰਾਂ ਵੱਲੋਂ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ।
ਐਬੂਲੈਂਸ ਚਾਲਕ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਥੇ ਇਹ ਲਾਸ਼ ਪਈ ਸੀ, ਉਸ ਦੇ ਕੋਲ ਇਕ ਸਰਿੰਜ ਵੀ ਬਰਾਮਦ ਹੋਈ ਹੈ। ਨੌਜਵਾਨ ਦੀ ਜੇਬ ਵਿੱਚ ਮੋਬਾਇਲ ਮਿਲਿਆ ਹੈ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਨੌਜਵਾਨ ਦਾ ਨਾਂ ਸਾਹਿਲ ਹੈ ਅਤੇ ਪਿਛਲੇ ਸਮੇਂ ਤੋਂ ਨਾਭਾ ਵਿਖੇ ਇਕ ਨਸ਼ਾ ਛੜਾਊ ਕੇਂਦਰ ’ਚ ਭਰਤੀ ਸੀ।
ਇਹ ਨੌਜਵਾਨ ਚੰਡੀਗੜ੍ਹ ਦਾ ਰਹਿਣ ਵਾਲਾ ਸੀ, ਜਿਸ ਸਬੰਧੀ ਉਸ ਦੇ ਪਰਿਵਾਰ ਨੂੰ ਜਾਣੂੰ ਕਰਵਾ ਕੇ ਨੌਜਵਾਨ ਦੀ ਲਾਸ਼ ਨਾਭਾ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ’ਚ ਰਖਵਾ ਦਿੱਤੀ ਗਈ ਹੈ।
ਕੋਤਵਾਲੀ ਮੁਖੀ ਮੁਤਾਬਕ ਅਗਲੀ ਕਾਰਵਾਈ ਪਰਿਵਾਰ ਦੇ ਆਉਣ ਉਪਰੰਤ ਕੀਤੀ ਜਾਵੇਗੀ ਅਤੇ ਉਹ ਨਸ਼ਾ ਕਿੱਥੋਂ ਤੇ ਕਿਵੇਂ ਲੈ ਕੇ ਆਇਆ, ਇਸ ਸਬੰਧੀ ਵੀ ਸਖ਼ਤੀ ਨਾਲ ਪੜਤਾਲ ਕਰ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
