ਡੱਲੇਵਾਲ ਦਾ ਮਰਨ ਵਰਤ 63ਵੇਂ ਦਿਨ ਵੀ ਜਾਰੀ
ਖਨੌਰੀ – ਐੱਮ. ਐੱਸ. ਪੀ. ਸਮੇਤ 12 ਮੰਗਾਂ ਮਨਵਾਉਣ, ਖੇਤੀਬਾੜੀ ਖਰੜੇ ਨੂੰ ਰੱਦ ਕਰਵਾਉਣ ਅਤੇ ਖਨੌਰੀ ਬਾਰਡਰ ਵਿਖੇ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਸਪੋਰਟ ਕਰਦਿਆਂ 26 ਜਨਵਰੀ ਨੂੰ ਦੇਸ਼ ਭਰ ’ਚ ਕਿਸਾਨਾਂ ਨੇ ਟਰੈਕਟਰ ਲੈ ਕੇ ਰੋਸ ਪ੍ਰਦਰਸ਼ਨ ਕੀਤੇ।

ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਸਾਂਝੀ ਕਾਲ ’ਤੇ ਦੇਸ਼ ਭਰ ’ਚ ਇਨ੍ਹਾਂ ਪ੍ਰਦਰਸ਼ਨਾਂ ਨੇ ਇਕ ਵਾਰ ਕੇਂਦਰ ਸਰਕਾਰ ਨੂੰ ਅਹਿਸਾਸ ਕਰਵਾ ਦਿੱਤਾ ਕਿ ਸਮੁੱਚੇ ਦੇਸ਼ ਦੇ ਕਿਸਾਨ ਆਪਣੀਆਂ ਮੰਗਾਂ ਲਈ ਇਕਜੁੱਟ ਹੋ ਚੁੱਕੇ ਹਨ। ਪੰਜਾਬ ’ਚ 500 ਅਤੇ ਹਰਿਆਣਾ ’ਚ 200 ਤੋਂ ਵੱਧ ਥਾਵਾਂ ’ਤੇ ਕਿਸਾਨਾਂ ਦੇ ਟਰੈਕਟਰ ਸੜਕਾਂ ਉੱਪਰ ਆਏ। ਇਸੇ ਤਰ੍ਹਾਂ ਤਾਮਿਲਨਾਡੂ ’ਚ 100, ਉੱਤਰ ਪ੍ਰਦੇਸ਼ ’ਚ 40, ਕਰਨਾਟਕ ’ਚ 50 ਅਤੇ ਰਾਜਸਥਾਨ ’ਚ 50 ਥਾਵਾਂ ’ਤੇ ਪ੍ਰਦਰਸ਼ਨ ਹੋਏ।
ਇਸ ਤੋਂ ਬਿਨ੍ਹਾਂ ਮੱਧ ਪ੍ਰਦੇਸ਼, ਕੇਰਲਾ, ਕਰਨਾਟਕਾ, ਤੇਲੰਗਨਾ ਸਮੇਤ ਹੋਰ ਰਾਜਾਂ ’ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਇਸੇ ਦੌਰਾਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 63ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
3 ਮਹਾ-ਪੰਚਾਇਤਾਂ ਕਰਨ ਦਾ ਐਲਾਨ
ਕਿਸਾਨ ਮਜ਼ਦੂਰ ਮੋਰਚਾ ਦੇ ਕੋ-ਆਡੀਨੇਟਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਾਈਵੇਟ ਸੈਲੋ ਗੋਦਾਮਾਂ ਨੂੰ ਪ੍ਰਾਈਵੇਟ ਮੰਡੀ ਯਾਰਡ ਐਲਾਨਣ ਪਿੱਛੇ ਸਰਕਾਰ ਦਾ ਮਕਸਦ ਚੰਦ ਫ਼ਸਲਾਂ ਦੀ ਹੋ ਰਹੀ ਸਰਕਾਰੀ ਖਰੀਦ ਤੋਂ ਪੱਲਾ ਝਾੜਨਾ ਹੈ, ਜਿੱਥੇ ਇਹ ਸੈਲੋ ਕੁਝ ਸਮੇਂ ਲਈ ਕਿਸਾਨਾਂ ਦੀ ਫਸਲ ਚੰਗੇ ਭਾਅ ’ਤੇ ਖਰੀਦਣਗੇ ਅਤੇ ਸਰਕਾਰੀ ਮੰਡੀ ਨੂੰ ਤੋੜਨ ਦਾ ਕੰਮ ਕਰਨਗੇ, ਉੱਥੇ ਹੀ ਲੰਬੇ ਅਰਸੇ ਦੇ ਭੰਡਾਰਨ ਕਰ ਕੇ ਕਾਲਾ ਬਾਜ਼ਾਰੀ ਨੂੰ ਵਧਾਵਾ ਦੇਣਗੇ।
ਅਗਲੇ ਪ੍ਰੋਗਰਾਮਾਂ ਦਾ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ 1 ਸਾਲ ਪੂਰੇ ਹੋਣ ’ਤੇ 11 ਫਰਵਰੀ ਨੂੰ ਰਤਨਪੁਰਾ ਮੋਰਚੇ ’ਚ 12 ਫਰਵਰੀ ਨੂੰ ਦਾਤਾ ਸਿੰਘ ਵਾਲਾ ਖਨੌਰੀ ਮੋਰਚਾ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਉੱਪਰ ਕਿਸਾਨਾਂ ਦੀਆਂ ਵੱਡੀਆਂ ਮਹਾ-ਪੰਚਾਇਤਾਂ ਕੀਤੀਆਂ ਜਾਣਗੀਆਂ, ਜਿਸ ’ਚ ਲੱਖਾਂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।

ਟਰੈਕਟਰਾਂ ਦੀਆਂ ਲੰਬੀਆਂ ਲਾਈਨਾਂ ਨੇ ਕੇਂਦਰ ਸਰਕਾਰ ਨੂੰ ਜਗਾਇਆ : ਪੰਧੇਰ
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਦੇਸ਼ ਭਰ ’ਚ 26 ਜਨਵਰੀ ਪੂਰੇ ਦੇਸ਼ ਅੰਦਰ ਕਾਰਪੋਰੇਟ ਦੇ ਸ਼ਾਪਿੰਗ ਮਾਲਾਂ, ਖੇਤੀ ਉਤਪਾਦਨ ਸਟੋਰ ਕਰਨ ਲਈ ਬਣਾਏ ਗਏ ਪ੍ਰਾਈਵੇਟ ਸੈਲੋ ਗੋਦਾਮਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਅਤੇ ਟਰੈਕਟਰ ਖੜ੍ਹ ਕਰ ਕੇ ਪ੍ਰਦਰਸ਼ਨ ਕਰਨ ਦੇ ਦਿੱਤੇ ਗਏ ਪ੍ਰੋਗਰਾਮ ਦੇ ਚਲਦੇ ਇਨ੍ਹਾਂ ਥਾਵਾਂ ’ਤੇ ਟਰੈਕਟਰਾਂ ਦੀਆਂ ਮੀਲਾਂ ਲੰਮੀਆਂ ਕਤਾਰਾਂ ਲੱਗ ਗਈਆਂ। ਇਨ੍ਹਾਂ ਪ੍ਰਦਰਸ਼ਨਾਂ ਨੇ ਕੇਂਦਰ ਸਰਕਾਰ ਨੂੰ ਜਗਾਇਆ ਹੈ।