ਪਹਿਲਾਂ ਗ੍ਰਿਫਤਾਰ ਕੀਤੇ 2 ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮਿਲੀ ਸਫਲਤਾ : ਪੁਲਿਸ
ਗੁਰਦਾਸਪੁਰ :- ਜ਼ਿਲਾ ਗੁਰਦਾਸਪੁਰ ਅੰਦਰ ਥਾਣਾ ਪੁਰਾਣਾ ਸਾਲਾ ਦੀ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਗੁਰਦਾਸਪੁਰ ਦੀ ਟੀਮ ਵੱਲੋਂ ਡੇਢ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਦੀ ਨਿਸ਼ਾਨਦੇਹੀ ਅਤੇ ਸੂਚਨਾ ਦੇ ਆਧਾਰ ’ਤੇ ਇਕ ਹੋਰ ਮੁਲਜ਼ਮ ਨੂੰ ਢਾਈ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਇਨਵੈਸਟੀਗੇਸ਼ਨ ਗੁਰਦਾਸਪੁਰ ਬਲਵਿੰਦਰ ਸਿੰਘ ਰੰਧਾਵਾ ਅਤੇ ਏ. ਐੱਸ. ਪੀ. ਦੀਨਾਨਗਰ ਦਿਲਪ੍ਰੀਤ ਸਿੰਘ ਨੇ ਦੱਸਿਆ ਪੁਰਾਣਾ ਸ਼ਾਲਾ ਪੁਲਸ ਵੱਲੋਂ 11-2-25 ਨੂੰ 2 ਵਿਅਕਤੀਆਂ ਨੂੰ ਡੇਢ ਕਿਲੋ ਅਫੀਮ ਸਮੇਤ ਧਰਵਿੰਦਰ ਸ਼ਾਹ ਪੁੱਤਰ ਉਪਿੰਦਰ ਸ਼ਾਹ ਵਾਸੀ ਹਰਪੁਰ ਕਲਾਂ ਬਿਹਾਰ, ਬੱਬਲੂ ਯਾਦਵ ਪੁੱਤਰ ਗਗਨ ਦੇਵ ਰਾਏ ਵਾਸੀ ਹਰਪੁਰ ਬਿਹਾਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਵੱਲੋਂ ਜਦੋਂ ਉਨ੍ਹਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਅਫੀਮ ਹੀਰਾ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠੱਕਰਵਾਲ ਨੂੰ ਵੇਚਣੀ ਸੀ ਅਤੇ ਪਹਿਲਾਂ ਵੀ ਉਸ ਨੂੰ ਅਫੀਮ ਵੇਚ ਚੁੱਕੇ ਹਨ।
ਇਸ ਜਾਣਕਾਰੀ ਦੇ ਆਧਾਰ ’ਤੇ ਹੀਰਾ ਸਿੰਘ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਕਮਾਦ ਦੇ ਖੇਤਾਂ ’ਚੋਂ 2 ਕਿਲੋ 500 ਗ੍ਰਾਮ ਅਫੀਮ ਹੋਰ ਬਰਾਮਦ ਹੋਈ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਕੋਲੋਂ ਕੁੱਲ 4 ਕਿਲੋ ਅਫੀਮ ਬਰਾਮਦ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ 2 ਮੁਲਜ਼ਮ ਬਿਹਾਰ ਨਾਲ ਸਬੰਧਿਤ ਹਨ, ਜੋ ਬਾਹਰੋਂ ਅਫੀਮ ਲਿਆ ਕੇ ਇਥੇ ਸਪਲਾਈ ਕਰਦੇ ਸਨ ਅਤੇ ਇਨ੍ਹਾਂ ਦੇ ਨੈੱਟਵਰਕ ਵਿਚ ਸ਼ਾਮਲ ਬਾਕੀ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਅਤੇ ਜਾਂਚ ਜਾਰੀ ਹੈ।
