ਭਵਾਨੀਗੜ੍ਹ :- ਜ਼ਿਲਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ-ਬਲਿਆਲ ਰੋਡ ਉੱਪਰ ਐੱਫ. ਸੀ. ਆਈ. ਗੋਦਾਮਾਂ ਦੇ ਨੇੜੇ ਆਦਰਸ਼ ਨਗਰ ਵਿਖੇ ਜੇ. ਡੀ. ਨਿਰਾਲੇ ਬਾਬਾ ਮੰਦਰ ਤੇ ਪਸ਼ੂ ਪੰਛੀ ਹਸਪਤਾਲ ਦੇ ਨੇੜੇ ਸ਼ਹਿਰ ਨਿਵਾਸੀਆਂ ਦੇ ਵਿਰੋਧ ਦੇ ਬਾਵਜੂਦ ਇਕ ਨਿੱਜੀ ਕੰਪਨੀ ਵੱਲੋਂ ਲਾਏ ਜਾ ਰਹੇ ਮੋਬਾਇਲ ਟਾਵਰ ਦੇ ਵਿਰੋਧ ’ਚ ਸ਼ਹਿਰ ਨਿਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਲਗਾਏ ਪੱਕੇ ਮੋਰਚੇ ਵਾਲੀ ਜਗ੍ਹਾ ’ਤੇ ਅੱਜ ਵਾਹਿਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।
ਇਸ ਮੌਕੇ ਵੱਡੀ ਗਿਣਤੀ ’ਚ ਔਰਤਾਂ ਵੱਲੋਂ ਸ਼ਮੂਲੀਅਤ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਇਸ ਟਾਵਰ ਨੂੰ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਖੇਤਰ ’ਚ ਲੱਗਣ ਤੋਂ ਰੋਕਣ ਲਈ ਸ਼ਹਿਰ ਨਿਵਾਸੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਤਾਕਤ ਦੇਣ ’ਤੇ ਸੰਘਰਸ਼ ਦੀ ਜਿੱਤ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਗਈ।
ਇਸ ਮੌਕੇ ਮਨਜੀਤ ਸਿੰਘ ਘਰਾਚੋਂ ਤੇ ਕੁਲਦੀਪ ਸਿੰਘ ਲਾਡੀ ਬਖੋਪੀਰ ਬਲਾਕ ਆਗੂ ਭਾਤਰੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਰਣਜੀਤ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਲਵਲੀ ਕਾਕੜਾ ਜ਼ਿਲਾ ਪ੍ਰਧਾਨ ਟਰਾਂਸਪੋਰਟ ਵਿੰਗ ਆਮ ਆਦਮੀ ਪਾਰਟੀ, ਗੁਰਮੀਤ ਸਿੰਘ ‘ਆਪ’ ਆਗੂ, ਸੁਖਜਿੰਦਰ ਸਿੰਘ ਬਿੱਟੂ ਤੂਰ ਸਾਬਕਾ ਪ੍ਰਧਾਨ ਸਮੇਤ ਵੱਡੀ ਗਿਣਤੀ ’ਚ ਹੋਰ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਇਹ ਟਾਵਰ ਇਥੇ ਨਹੀਂ ਲੱਗਣ ਦੇਣਗੇ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੰਘਣੀ ਅਬਾਦੀ ਵਾਲੇ ਖੇਤਰ ਇਸ ਟਾਵਰ ਨੂੰ ਲਾਉਣ ਦੀ ਐੱਨ. ਓ. ਸੀ. ਜਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਤੇ ਇਸ ਟਾਵਰ ਦੀ ਐੱਨ. ਓ. ਸੀ. ਨੂੰ ਰੱਦ ਇਸ ਟਾਵਰ ਨੂੰ ਇਸ ਸੰਘਣੀ ਆਬਾਦੀ ਵਾਲੇ ਖੇਤਰ ’ਚੋਂ ਲਾਉਣਾ ਬੰਦ ਕਰ ਕੇ ਇਸ ਨੂੰ 3-4 ਕਿਲੋਮੀਟਰ ਅੱਗੇ ਖੇਤਾਂ ’ਚ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਟਾਵਰ ਦੀ ਐੱਨ. ਓ. ਸੀ. ਨੂੰ ਤੁਰੰਤ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਥੇ ਇਹ ਪੱਕਾ ਮੋਰਚਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ।
