ਡੱਲੇਵਾਲ ਦਾ ਮਰਨ ਵਰਤ 69ਵੇਂ ਦਿਨ ਵੀ ਜਾਰੀ
11, 12 ਅਤੇ 13 ਫਰਵਰੀ ਨੂੰ ਹੋਣਗੀਆਂ ਮਹਾਪੰਚਾਇਤਾਂ
ਖਨੌਰੀ ਕਿਸਾਨ ਮੋਰਚਾ ਉੱਪਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਜਿੱਥੇ 69ਵੇਂ ਦਿਨ ਵੀ ਜਾਰੀ ਰਿਹਾ, ਉੱਥੇ ਕਿਸਾਨ ਨੇਤਾਵਾਂ ਵੱਲੋ ਕੇਂਦਰੀ ਬਜਟ ਨੂੰ ਕਿਸਾਨ ਵਿਰੋਧੀ ਐਲਾਨਦਿਆਂ ਰੋਸ ਦਾ ਪ੍ਰਗਟਾਵਾ ਵੀ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੱਲ ਪੇਸ਼ ਕੀਤਾ ਗਿਆ ਬਜਟ ਆਮ ਲੋਕਾਂ ਦੀ ਸਮਝ ਤੋਂ ਬਾਹਰ ਦਾ ਹੈ, ਬਜਟ ਨੂੰ ਮੀਡੀਆ ਵਿੱਚ ਪੜ੍ਹਨ ਅਤੇ ਸੁਣਨ ਤੋ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਜਿਸ ਤਰ੍ਹਾਂ ਗੋਲ ਮੋਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਬਜਟ ਤੋ ਕਿਸਾਨ, ਮਜ਼ਦੂਰਾ ਆਮ ਲੋਕਾ ਅਤੇ ਹਰ ਇੱਕ ਵਰਗ ਨੂੰ ਨਿਰਾਸ਼ਾ ਹੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਉਹ ਕਿਸਾਨਾਂ ਨੂੰ ਹੋਰ ਕਰਜੇ ਵਿਚ ਡੋਬਣ ਵਾਲਾ ਹੀ ਹੈ, ਜੇਕਰ ਕੇਂਦਰ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ ਕਰਜ਼ ਮੁਕਤੀ ਦਾ ਐਲਾਨ ਕਰਦੀ, ਪ੍ਰੰਤੂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਤਿੰਨ ਲੱਖ ਦੀ ਬਜਾਏ ਪੰਜ ਲੱਖ ਦਾ ਹੋਰ ਕਰਜਾ ਦੇ ਕੇ ਕਰਜੇ ਦੇ ਥੱਲੇ ਡੋਬਣ ਦਾ ਹੀ ਐਲਾਨ ਕੀਤਾ ਗਿਆ।
ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਵਲੋ 11 ਨੂੰ ਰਤਨਪੁਰਾ, 12 ਨੂੰ ਖਨੌਰੀ, 13 ਨੂੰ ਸੰਭੂ ਵਿਖੇ ਮਹਾ ਪੰਚਾਇਤਾਂ ਵੀ ਕੀਤੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਮ ਲੋਕਾਂ ਪ੍ਰਤੀ ਆਪਣਾ ਰਾਜ ਧਰਮ ਨਿਭਾਉਂਦੀ ਤਾਂ ਉਹ ਇਸ ਬਜਟ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਅਤੇ ਲਿਖਤ ਵਿਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਿਹਨਾਂ 12 ਮੰਗਾਂ ਨੂੰ ਲੈ ਕੇ ਇਕ ਸਾਲ ਤੋਂ ਬਾਰਡਰਾਂ ਉੱਪਰ ਅੰਦੋਲਨ ਚੱਲ ਰਿਹਾ ਹੈ, ਉਸ ਲਈ ਫੰਡ ਦੀ ਵਿਵਸਥਾ ਕਰਦੀ ਪ੍ਰੰਤੂ ਕੇਂਦਰ ਦੀ ਸਰਕਾਰ ਵੱਲੋਂ ਗੋਲ ਮੋਲ ਤਰੀਕੇ ਨਾਲ ਬਜਟ ਨੂੰ ਪੇਸ਼ ਕਰ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦਾ ਹੀ ਕੰਮ ਕੀਤਾ ਗਿਆ। ਉਹਨਾ ਕਿਹਾ ਕਿਹਾ ਕਿ ਕਿਸਾਨੀ ਸੰਕਟ ਦਾ ਹੱਲ ਕਿਸਾਨਾਂ ਨੂੰ ਹੋਰ ਕਰਜ਼ਈ ਬਣਾ ਕੇ ਨਹੀਂ ਸਗੋਂ ਐਮਐਸਪੀ ਦੇ ਗਾਰੰਟੀ ਕਾਨੂੰਨ ਰਾਹੀਂ ਲੋਕਾਂ ਨੂੰ ਆਤਮ ਨਿਰਭਰ ਬਣਾ ਕੇ ਹੋਵੇਗਾ।