ਔਰਤ ਨੇ ਇਨਸਾਫ ਦੀ ਕੀਤੀ ਮੰਗ
ਅੰਮ੍ਰਿਤਸਰ – ਪੰਜਾਬ ਪੁਲਸ ਆਏ ਦਿਨ ਹੀ ਆਪਣੇ ਕਾਰਨਾਮਿਆਂ ਕਰ ਕੇ ਸੁਰਖੀਆਂ ’ਚ ਰਹਿੰਦੀ ਹੈ। ਇਸ ਤਹਿਤ ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਵਿਖੇ ਦਰਖਾਸਤ ਤੇ ਰਾਜ਼ੀਨਾਮਾ ਕਰਨ ਆਈ ਇਕ ਔਰਤ ’ਤੇ ਏ. ਐੱਸ. ਆਈ. ਪੁਲਸ ਮੁਲਾਜ਼ਮ ਵੱਲੋਂ ਥੱਪੜ ਜੜ ਦਿੱਤਾ ਗਿਆ, ਜਿਸ ਤੋਂ ਬਾਅਦ ਥਾਣੇ ’ਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।
ਇਸ ਸਬੰਧੀ ਪੀੜਤ ਔਰਤ ਨੇ ਦੱਸਿਆ ਕਿ ਉਸਦੇ ਪਤੀ ਦਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਪੁਲਸ ਨੇ ਦਰਖਾਸਤ ਲਿਖ ਕੇ ਦੋਵਾਂ ਪਾਰਟੀਆਂ ਨੂੰ ਅਜੇ ਥਾਣੇ ’ਚ ਸੱਦਿਆ ਸੀ ਪਰ ਪੁਲਸ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਅਤੇ ਵਾਰ-ਵਾਰ ਸਾਨੂੰ ਜੇਲ ਦੇ ਅੰਦਰ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਨੇ ਮੇਰੇ ਮੂੰਹ ’ਤੇ ਜ਼ੋਰ ਦੀ ਥੱਪੜ ਮਾਰ ਦਿੱਤਾ।
ਔਰਤ ਨੇ ਕਿਹਾ ਕਿ ਥਾਣੇ ’ਚ ਕੋਈ ਵੀ ਮਹਿਲਾ ਪੁਲਸ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਪੁਲਸ ਵੱਲੋਂ ਜਾਣ ਬੁਝ ਕੇ ਸਾਡੇ ‘ਤੇ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਮੇਰੇ ਥੱਪੜ ਵੀ ਮਾਰਿਆ ਗਿਆ, ਉੱਥੇ ਹੀ ਪੀੜਤ ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਇਸ ਮਾਮਲੇ ’ਚ ਗੱਲਬਾਤ ਕਰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਥਾਣੇ ਵਿਚ ਦੋ ਪਾਰਟੀਆਂ ਦੀ ਦਰਖਾਸਤ ਸਬੰਧ ’ਚ ਬੁਲਾਇਆ ਗਿਆ ਸੀ ਅਤੇ ਇਸ ਦੌਰਾਨ ਉਕਤ ਮਹਿਲਾ ਦਾ ਪਤੀ ਪੁਲਸ ਨਾਲ ਤਲਖੀ ਨਾਲ ਪੇਸ਼ ਆ ਰਿਹਾ ਸੀ, ਜਿਸ ਦੌਰਾਨ ਪੁਲਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਅੱਗੇ ਆ ਗਈ ਤੇ ਉਸਦੇ ਥੱਪੜ ਵੱਜ ਗਿਆ। ਪੁਲਸ ਨੇ ਜਾਣ ਬੁਝ ਕੇ ਕਿਸੇ ਨੂੰ ਵੀ ਥੱਪੜ ਨਹੀਂ ਮਾਰਿਆ ਅਤੇ ਬਾਅਦ ਵਿਚ ਔਰਤ ਵੱਲੋਂ ਵੀ ਪੁਲਸ ਦੇ ਉੱਪਰ ਹੱਥ ਚੁੱਕਿਆ ਗਿਆ ਹੈ।