ਦੇਵੀਗਡ਼੍ਹ, :- ਅਮਰੀਕਾ ਵੱਲੋਂ ਭਾਰਤ ਦੇ ਕੁਝ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਡਿਪੋਰਟ ਕਰ ਕੇ ਵਾਪਸ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਭੇਜਿਆ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪੰਜਾਬ ਦੇ ਜਿਨ੍ਹਾਂ ਏਜੰਟਾਂ ਵੱਲੋਂ ਅਮਰੀਕਾ ਭੇਜਿਆ ਗਿਆ ਸੀ, ਉਨ੍ਹਾਂ ’ਤੇ ਪੰਜਾਬ ਸਰਕਾਰ ਨੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਅੱਜ ਜ਼ਿਲਾ ਪਟਿਆਲਾ ਦੇ ਕਸਬਾ ਦੇਵੀਗਡ਼੍ਹ ਵਿਖੇ ਉੱਪ ਮੰਡਲ ਮੈਜਿਸਟਰੇਟ ਤਹਿਸੀਲ ਦੁੱਧਨਸਾਧਾਂ ਕ੍ਰਿਪਾਲਵੀਰ ਸਿੰਘ ਵੱਲੋਂ ਦੇਵੀਗਡ਼੍ਹ ਵਿਖੇ ਇਮੀਗ੍ਰੇਸ਼ਨ/ਆਈਲੈਟਸ, ਟਰੈਵਲ ਏਜੰਟ ਅਤੇ ਟਿਕਟਾਂ ਬੁੱਕ ਕਰਨ ਵਾਲੇ 4 ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 2 ਸੈਂਟਰ ਐਵੂਲੇਸ਼ਨ ਇੰਮੀਗ੍ਰੇਸ਼ਨ ਸਰਵਿਸ ਦੇਵੀਗਡ਼੍ਹ ਅਤੇ ਲਰਨਿੰਗ ਪੁਆਇੰਟ ਆਈਲੈਟਸ ਇੰਸਟੀਚਿਊਟ ਦੇਵੀਗਡ਼੍ਹ ਬੰਦ ਪਾਏ ਗਏ ਅਤੇ 2 ਸੈਂਟਰ ਫਲਾਈ ਰੂਟ ਇੰਮੀਗ੍ਰੇਸ਼ਨ ਐਂਡ ਇੰਸਟੀਚਿਊਟ ਦੇਵੀਗਡ਼੍ਹ ਅਤੇ ਗੋਲਡਨ ਵਿੰਗ ਇੰਮੀਗ੍ਰੇਸ਼ਨ ਦੇਵੀਗਡ਼੍ਹ ਸੈਂਟਰ, ਜੋ ਕਿ ਮੌਕੇ ’ਤੇ ਖੁੱਲ੍ਹੇ ਸਨ, ਨੂੰ ਸੀਲ ਕੀਤਾ ਗਿਆ। ਇਨ੍ਹਾਂ ਸੈਂਟਰਾਂ ਤੋਂ ਜਦੋਂ ਲੋਡ਼ੀਂਦੇ ਕਾਗਜ਼ ਲੈ ਕੇ ਪੁੱਛਗਿੱਛ ਕੀਤੀ ਗਈ। ਇਨ੍ਹਾਂ ਦੇ ਮਾਲਕ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕੇ।
