– ਹਰਿਆਣਾ ਪੁਲਸ ਨੇ ਮੀਡੀਆ ਨੂੰ ਇਕ ਕਿਲੋਮੀਟਰ ਦੂਰ ਰਹਿਣ ਦੀ ਦਿੱਤੀ ਸਲਾਹ
ਪਟਿਆਲਾ, 7 ਦਸੰਬਰ – ਅੱਜ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨੂੰ ਦਿੱਲੀ ਤੋਂ ਗੱਲਬਾਤ ਦਾ ਸੱਦਾ ਨਾ ਆਉਣ ’ਤੇ ਫਿਰ ਕਿਸਾਨ ਭੜਕ ਉੱਠੇ ਹਨ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਦਿੱਲੀ ਇਕ ਵਾਰ ਫਿਰ ਵਾਅਦਿਆਂ ਤੋਂ ਮੁਕਰ ਗਈ ਹੈ। ਇਸ ਲਈ 8 ਦਸੰਬਰ ਨੂੰ ਮੁੜ 12 ਵਜੇ 101 ਕਿਸਾਨਾਂ ਦਾ ਮਰਜੀਵੜਾ ਜਥਾ ਸਿਰ ’ਤੇ ਕੱਫਨ ਬੰਨ੍ਹ ਕੇ ਦਿੱਲੀ ਵੱਲ ਕੂਚ ਕਰੇਗਾ।
ਸ. ਪੰਧੇਰ ਨੇ ਆਖਿਆ ਕਿ ਜਦੋਂ ਅਸੀਂ 6 ਦਸੰਬਰ ਨੂੰ ਦਿੱਲੀ ਵੱਲ ਵਧੇ ਸੀ, ਉਸ ਸਮੇਂ ਹਰਿਆਣਾ ਪੁਲਸ ਨੇ ਇਹ ਵਿਸ਼ਵਾਸ ਦਵਾਇਆ ਸੀ ਕਿ ਤੁਸੀਂ ਗੱਲਬਾਤ ਲਈ ਦਰਵਾਜ਼ੇ ਖੋਲ੍ਹੋ, ਅਸੀਂ ਹਰਿਆਣਾ ਪੁਲਸ ਦੇ ਅਧਿਕਾਰੀਆਂ ਦੀ ਗੱਲ ਸੁਣ ਕੇ ਆਪਣਾ ਜਥਾ ਵੀ ਵਾਪਸ ਬੁਲਾ ਲਿਆ ਸੀ।
ਅਧਿਕਾਰੀਆਂ ਨੇ ਆਖਿਆ ਸੀ ਕਿ 7 ਦਸੰਬਰ ਨੂੰ ਤੁਹਾਡੀ ਗੱਲਬਾਤ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕਰਵਾਈ ਜਾਵੇਗੀ ਪਰ ਹੁਣ ਫਿਰ ਦਿੱਲੀ ਅਤੇ ਹਰਿਆਣਾ ਪੁਲਸ ਮੁਕਰ ਗਈ ਹੈ। ਇਸ ਲਈ 8 ਦਸੰਬਰ ਨੂੰ ਪ੍ਰਮਾਤਮਾ ਦਾ ਨਾਮ ਜਪਦੇ ਹੋਏ 101 ਮੈਂਬਰੀ ਜਥਾ ਦਿੱਲੀ ਵੱਲ ਕੂਚ ਕਰੇਗਾ।
ਉੱਧਰ ਹਰਿਆਣਾ ਦੇ ਡੀ. ਜੀ. ਪੀ. ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਆਖਿਆ ਕਿ ਪੰਜਾਬ ਦਾ ਮੀਡੀਆ ਘੱਟੋ-ਘੱਟ ਹਰਿਆਣਾ ਬਾਰਡਰ ’ਤੇ ਚੱਲ ਰਹੇ ਸੰਘਰਸ਼ ਤੋਂ ਇਕ ਕਿਲੋਮੀਟਰ ਦੂਰ ਰਹੇ। ਹਰਿਆਣਾ ਪੁਲਸ ਨੇ ਪੱਤਰ ਕੱਢ ਕੇ ਆਖਿਆ ਕਿ ਕਈ ਵਾਰ ਹਾਲਾਤ ਿਵਗੜ ਜਾਂਦੇ ਹਨ। ਇਸ ਲਈ ਮੀਡੀਆ ਨੂੰ ਦੂਰ ਰਹਿਣਾ ਚਾਹੀਦਾ ਹੈ।
ਹਾਲਾਂਕਿ ਮੀਡੀਆ ਨੇ ਇਸ ਦਾ ਬੜਾ ਸਖਤ ਇਤਰਾਜ਼ ਜਤਾਇਆ ਹੈ ਕਿਉਂਕਿ ਹੁਣ ਤੱਕ ਸਮੁੱਚਾ ਪੱਤਰਕਾਰ ਭਾਈਚਾਰਾ ਜਾਨ ਹਥੇਲੀ ’ਤੇ ਧਰ ਕੇ ਕਵਰੇਜ ਕਰਦਾ ਰਿਹਾ ਹੈ।
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਅੰਬਾਲਾ ਅਤੇ ਹੋਰ ਸਾਰੀਆਂ ਥਾਵਾਂ ’ਤੇ ਹਰਿਆਣਾ ਪੁਲਸ ਨੇ ਭਾਵੇਂ ਧਾਰਾ 144 (163) ਲਾਈ ਹੋਈ ਹੈ ਪਰ ਹੈਰਾਨੀ ਹੈ ਕਿ ਅੰਬਾਲਾ ਵਾਲੇ ਪਾਸੇ ਵੱਡੇ-ਵੱਡੇ ਗਾਇਕਾਂ ਦੇ ਪ੍ਰੋਗਰਾਮ ਹੋ ਰਹੇ ਹਨ। ਹਜ਼ਾਰਾਂ ਦੀ ਭੀੜ ਜੁੜ ਰਹੀ ਹੈ। ਕੀ ਉੱਥੇ ਉਕਤ ਧਾਰਾ ਨਹੀਂ ਲਾਗੂ? ਉਨ੍ਹਾਂ ਕਿਹਾ ਕਿ ਧਾਰਾ 163 ਸਿਰਫ ਕਿਸਾਨਾਂ ਲਈ ਬਣੀ ਹੈ, ਜਿਸ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਸਰਵਣ ਪੰਧੇਰ ਨੇ ਆਖਿਆ ਕਿ ਸਾਡਾ ਜਥਾ ਦਿੱਲੀ ਵੱਲ ਹਰ ਹਾਲਤ ’ਚ ਕੂਚ ਕਰੇਗਾ ਜਾਂ ਸ਼ਹੀਦੀਆਂ ਦੇਵੇਗਾ।
12ਵੇਂ ਦਿਨ ਵੀ ਜਾਰੀ ਡਲੇਵਾਲ ਦਾ ਮਰਨ ਵਰਤ : ਲਗਾਤਾਰ ਵਿਗੜ ਰਹੀ ਸਿਹਤ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 12ਵੇਂ ਦਿਨ ਵੀ ਰਿਹਾ ਜਾਰੀ, ਜਿਸ ਕਾਰਨ ਉਨ੍ਹਾਂ ਦਾ ਭਾਰ ਵੀ ਸਾਢੇ 8 ਕਿਲੋ ਘਟ ਗਿਆ। ਜਗਜੀਤ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ।
ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਕਿਡਨੀ ’ਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦਾ ਭਾਰ ਕਰੀਬ 8.5 ਕਿਲੋ ਘੱਟ ਗਿਆ ਹੈ। ਬਲੱਡ ਪ੍ਰੈਸ਼ਰ 152/103, ਪਲਸ 87, ਸ਼ੂਗਰ 99, ਤਾਪਮਾਨ 96.5 ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਵੇਗੀ।