ਬਰਨਾਲਾ :- ਜਿੱਥੇ ਅਮੇਰੀਕਾ ਤੋਂ ਡਿਪੋਰਟ ਕੀਤੇ ਗਏ ਅਤੇ ਗੈਰ-ਕਾਨੂੰਨੀ ਢੰਗ ਨਾਲ ਗਏ ਭਾਰਤੀਆਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ, ਉੱਥੇ ਬਰਨਾਲਾ ਜ਼ਿਲੇ ਦੇ ਪਿੰਡ ਮੱਝੂਕੇ ਦੇ ਰਹਿਣ ਵਾਲੇ ਇਕ ਬਜ਼ੁਰਗ ਮਾਪੇ ਪਿਛਲੇ ਸੱਤ ਸਾਲਾਂ ਤੋਂ ਆਪਣੇ ਇਕਲੌਤੇ ਪੁੱਤ ਦੀ ਉਡੀਕ ’ਚ ਰੋ ਰਹੇ ਹਨ। 33 ਸਾਲਾ ਅਮਰਿੰਦਰ ਪਾਲ ਸਿੰਘ, ਜੋ 2017 ’ਚ ਅਮਰੀਕਾ ਗਿਆ ਸੀ, ਅੱਜ ਤੱਕ ਲਾਪਤਾ ਹੈ।
ਉਸ ਦੇ ਪਿਤਾ ਹਰਬੰਸ ਸਿੰਘ (65) ਅਤੇ ਮਾਤਾ ਜਸਵਿੰਦਰ ਕੌਰ (64) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿਸਾਨੀ ਨਾਲ ਜੁੜੇ ਹੋਏ ਹਨ। ਪਰਿਵਾਰ ’ਚ ਤਿੰਨ ਧੀਆਂ ਹਨ ਅਤੇ ਇਕੋ-ਇਕ ਪੁੱਤ ਅਮਰਿੰਦਰ ਪਾਲ ਸਿੰਘ, ਜਿਸ ਨੂੰ ਉਨ੍ਹਾਂ ਨੇ ਚੰਗੇ ਭਵਿੱਖ ਦੀ ਉਮੀਦ ’ਚ 16 ਅਕਤੂਬਰ 2017 ਨੂੰ ਇਕ ਜਾਣ-ਪਛਾਣ ਵਾਲੇ ਵਿਅਕਤੀ ਰਾਹੀਂ ਅਮਰੀਕਾ ਭੇਜਿਆ ਸੀ ਪਰ ਸਿਰਫ਼ ਨੌ ਦਿਨਾਂ ਬਾਅਦ, 24 ਅਕਤੂਬਰ 2017 ਨੂੰ ਮਾਤਾ ਜਸਵਿੰਦਰ ਕੌਰ ਨੂੰ ਪੁੱਤ ਵੱਲੋਂ ਆਖਰੀ ਵੋਇਸ ਮੈਸਿਜ ਮਿਲਿਆ।
“ਤੁਸੀਂ ਕਹਿੰਦੇ ਸੀ ਕਿ ਤੈਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਮੈਨੂੰ ਰਸਤੇ ’ਚ ਹੀ ਉਤਾਰ ਦਿੱਤਾ ਗਿਆ,” – ਇਹ ਉਸ ਦੇ ਆਖਰੀ ਸ਼ਬਦ ਸਨ। ਉਸ ਨੇ ਕਿਹਾ ਕਿ ਉਸਦੇ ਪਾਸਪੋਰਟ ’ਤੇ ਮੋਹਰ ਲਾ ਦਿੱਤੀ ਗਈ ਪਰ ਉਸ ਦੇ ਸਾਥੀ ਦੇ ਪਾਸਪੋਰਟ ’ਤੇ ਨਹੀਂ। ਇਸ ਮੈਸਿਜ ਤੋਂ ਬਾਅਦ, ਪਰਿਵਾਰ ਦਾ ਅਮਰਿੰਦਰ ਨਾਲ ਕੋਈ ਸੰਪਰਕ ਨਹੀਂ ਹੋਇਆ।
ਨਵੰਬਰ 2017 ’ਚ ਪਰਿਵਾਰ ਨੂੰ ਇਕ ਵੀਡੀਓ ਮਿਲੀ, ਜਿਸ ’ਚ ਅਮਰਿੰਦਰ ਪਾਲ ਸਿੰਘ ਨੂੰ ਹੋਰ ਨੌਜਵਾਨਾਂ ਨਾਲ ਡੋਂਕਰ ਜੰਗਲਾਂ ’ਚ ਦਿਖਾਇਆ ਗਿਆ। ਇਹ ਵੀਡੀਓ ਪਰਿਵਾਰ ਲਈ ਇਕ ਆਸ ਬਣੀ ਪਰ ਅੱਜ ਤੱਕ ਉਸ ਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ। ਮਾਪੇ ਅਤੇ ਤਿੰਨ ਭੈਣਾਂ ਹਰੇਕ ਰੱਖੜੀ ’ਤੇ ਭਰਾ ਦੀ ਉਡੀਕ ਕਰ ਰਹੀਆਂ ਹਨ।

ਮਾਪਿਆਂ ਦੀ ਸਰਕਾਰਾਂ ਨੂੰ ਬੇਨਤੀ
ਮਾਪਿਆਂ ਨੇ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਭਾਲ ਕਰਵਾਈ ਜਾਵੇ। 2018 ’ਚ ਪਰਿਵਾਰ ਵੱਲੋਂ ਪੰਜਾਬ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ, ਜਿਸ ਦੇ ਆਧਾਰ ’ਤੇ 2019 ’ਚ ਰਾਏਕੋਟ ਥਾਣੇ ’ਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਪਰ ਅੱਜ ਤੱਕ ਕੋਈ ਨਤੀਜਾ ਨਹੀਂ ਨਿਕਲਿਆ।
ਭੈਣ ਦਾ ਵਿਆਹ, ਭਰਾ ਦੀ ਉਡੀਕ
ਅਮਰਿੰਦਰ ਦੀ ਛੋਟੀ ਭੈਣ ਬਬਨਜੋਤ ਕੌਰ ਦਾ ਵਿਆਹ ਪਿਛਲੇ ਮਹੀਨੇ ਹੋਇਆ ਪਰ ਉਹ ਆਪਣੇ ਭਰਾ ਦੀ ਉਡੀਕ ਕਰਦੀ ਰਹੀ। ਇਕਲੌਤਾ ਭਰਾ ਸੀ, ਜਿਸ ਨਾਲ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਅਸੀਂ ਰੱਖੜੀ ਲਈ ਹਮੇਸ਼ਾ ਉਡੀਕ ਕਰਦੇ ਹਾਂ, ਪਰ ਉਹ ਨਹੀਂ ਆਉਂਦਾ–ਬਬਨਜੋਤ ਨੇ ਦੁੱਖ ਜਤਾਇਆ।
