ਬਨੂੜ, 27 ਅਗਸਤ : ਜ਼ਿਲਾ ਮੋਹਾਲੀ ਅਧੀਨ ਆਉਂਦੇ ਪਿੰਡ ਜੰਗਪੁਰਾ ’ਚ ਦੁਪਹਿਰ ਵੇਲੇ ਛੁੱਟੀਆਂ ਹੋਣ ਕਾਰਨ ਇਕੱਠੇ ਹੋਏ ਨਾਬਾਲਗ ਲੜਕੀਆਂ ਵੱਲੋਂ ਲਾਇਸੈਂਸੀ ਪਿਸਤੌਲ ਨਾਲ ਵੀਡੀਓ ਬਣਾਉਣ ਸਮੇਂ ਅਚਾਨਕ ਚੱਲੀ ਗੋਲੀ ਲੱਗਣ ਕਾਰਨ ਨਾਬਾਲਗ ਲੜਕੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਜੰਗਪੁਰਾ ਦਾ ਵਸਨੀਕ ਸੁਖਵਿੰਦਰ ਸਿੰਘ ਗੋਲਡੀ ਜੋ ਕਿ ਗੰਨਮੈਨ ਵਜੋਂ ਨੌਕਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ, ਦੇ ਨਾਬਾਲਗ ਪੁੱਤਰ ਲਵਜੋਤ ਸਿੰਘ ਦੇ ਰਾਜਪੁਰਾ ਤੋਂ ਸਕੂਲ ’ਚ ਛੁੱਟੀਆਂ ਹੋਣ ਕਾਰਨ 4 ਦੋਸਤ (ਨਾਬਾਲਗ) ਬੱਚੇ ਆ ਗਏ। ਲਵਜੋਤ ਸਿੰਘ ਘਰ ’ਚ ਇਕੱਲਾ ਸੀ। ਉਸ ਦਾ ਪਿਤਾ ਕਿਸੇ ਕੇਸ ਕਾਰਨ ਮਾਨਯੋਗ ਅਦਾਲਤ ’ਚ ਗਿਆ ਹੋਇਆ ਸੀ।
ਇਸ ਦੌਰਾਨ ਘਰ ’ਚ ਮੌਜੂਦ ਸਾਰੇ ਬੱਚੇ ਸੋਸ਼ਲ ਮੀਡੀਆ ’ਤੇ ਪਾਉਣ ਲਈ ਵੀਡੀਓ ਬਣਾਉਣ ਲੱਗੇ। ਵੀਡੀਓ ਬਣਾਉਂਦੇ ਉਨ੍ਹਾਂ ਨੇ ਘਰ ’ਚ ਸੁਖਵਿੰਦਰ ਸਿੰਘ ਗੋਲਡੀ ਦੀ ਅਲਮਾਰੀ ’ਚ ਪਈ ਲਾਇਸੈਂਸੀ ਪਿਸਤੌਲ ਕੱਢ ਕੇ ਉਸ ਨਾਲ ਵੀਡੀਓ ਬਣਾਉਣ ਲੱਗੇ ਅਚਾਨਕ ਪਿਸਤੌਲ ਦਾ ਬਟਨ ਕਲਿੱਕ ਹੋ ਗਿਆ ਅਤੇ ਇਕ ਗੋਲੀ ਨਾਬਾਲਗ ਪ੍ਰਿੰਸਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਲਾਸ ਰੋਡ ਰਾਜਪੁਰਾ ਦੇ ਸਿਰ ’ਚੋਂ ਆਰ-ਪਾਰ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ। ਹਸਪਤਾਲ ’ਚ ਮੌਜੂਦ ਮ੍ਰਿਤਕ ਪ੍ਰਿੰਸਪਾਲ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਨੇ ਦੱਸਿਆ ਕਿ ਪ੍ਰਿੰਸ ਉਨ੍ਹਾਂ ਦੀ ਇਕਲੌਤੀ ਸੰਤਾਨ ਸੀ। ਉਹ ਰਾਜਪੁਰਾ ਦੇ ਮਹਿਦੰਰਾ ਗੰਜ ਸਥਿਤ ਸਰਕਾਰੀ ਸਕੂਲ ’ਚ 10ਵੀਂ ਜਮਾਤ ’ਚ ਪੜ੍ਹਦਾ ਸੀ।
ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਨਿੱਜੀ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਹੜ੍ਹ ਦੇ ਪਾਣੀ ‘ਚ ਫਸੇ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ