ਕੈਦੀਆਂ ਨੂੰ ਪਾਬੰਦੀਸ਼ੁਦਾ ਸਮੱਗਰੀ ਸਪਲਾਈ ਕਰਨ ਦਾ ਲੱਗਾ ਦੋਸ਼
ਲੁਧਿਆਣਾ, 5 ਜੂਨ : ਸਥਾਨਕ ਤਾਜਪੁਰ ਰੋਡ ਦੀ ਕੇਂਦਰੀ ਜੇਲ ’ਚ ਨਸ਼ਾ ਅਤੇ ਹੋਰ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਸਮੱਗਰੀ ਦੀ ਸਮੇਂ-ਸਮੇਂ ’ਤੇ ਬਰਾਮਦਗੀ ਅਕਸਰ ਸੁਰਖੀਆਂ ’ਚ ਰਹਿੰਦੀ ਹੈ, ਜਿਸ ਕਾਰਨ ਜੇਲ ਸੁਰੱਖਿਆ ਕਾਰਜਪ੍ਰਣਾਲੀ ’ਤੇ ਕਈ ਸਵਾਲ ਖੜ੍ਹੇ ਹੋ ਗਏ ਹਨ।
ਇਸ ਸਬੰਧੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਜੇਲ ਵਾਰਡਨ ਤੋਂ ਪਾਬੰਦੀਸ਼ੁਦਾ ਸਾਮਾਨ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜੇਲ ਦੇ ਸਹਾਇਕ ਸੁਪਰਡੈਂਟ ਸੁਰਜੀਤ ਸਿੰਘ ਨੇ ਪੁਲਸ ਨੂੰ ਭੇਜੇ ਇਕ ਸ਼ਿਕਾਇਤ ਪੱਤਰ ’ਚ ਦੱਸਿਆ ਕਿ ਵਾਰਡਨ ਗੁਰਪ੍ਰੀਤ ਸਿੰਘ ਪੁੱਤਰ ਭਗਵਾਨ ਸਿੰਘ ਪਿੰਡ ਸਿੰਹੇ ਵਾਲਾ, ਥਾਣਾ ਵੈਰੋਕੇ, ਜ਼ਿਲਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ।
3 ਜੂਨ ਦੀ ਅੱਧੀ ਰਾਤ ਨੂੰ ਉਕਤ ਵਾਰਡਨ ਦੀ ਤਲਾਸ਼ੀ ਲੈਣ ’ਤੇ ਪੈਰਾਂ ਹੇਠਾਂ ਟੇਪ ਨਾਲ ਚਿਪਕਾਇਆ ਤੰਬਾਕੂ ਬਰਾਮਦ ਕੀਤਾ ਗਿਆ। ਵਾਰਡਨ ਤੇ ਉਕਤ ਪਾਬੰਦੀਸ਼ੁਦਾ ਸਾਮਾਨ ਕੈਦੀਆਂ ਨੂੰ ਸਪਲਾਈ ਕਰਨ ਦਾ ਦੋਸ਼ ਲੱਗਾ ਹੈ।
ਪੁਲਸ ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਕਤ ਵਾਰਡਨ ਤੋਂ 60 ਗ੍ਰਾਮ ਤੰਬਾਕੂ ਬਰਾਮਦ ਹੋਣ ’ਤੇ 45, 52-ਏ ਜੇਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਪਿੰਡ ਗਹਿਲਾ ਅਤੇ ਘੁਮੰਡ ਸਿੰਘ ਵਾਲਾ ਦੇ 1052 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ
