ਨੋਟੀਫਿਕੇਸ਼ਨ ਰੱਦ ਕਰਵਾਉਣ ਤੱਕ ਸੰਘਰਸ਼ ਕਰਨ ਦਾ ਕੀਤਾ ਅਹਿਦ
ਪਟਿਆਲਾ, 30 ਜੁਲਾਈ : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਪਟਿਆਲਾ ਦੇ ਪਿੰਡਾਂ ਤੋਂ ਸ਼ਹਿਰ ਤੱਕ ਸੈਂਕੜਿਆਂ ਦੀ ਗਿਣਤੀ ’ਚ ਕਿਸਾਨਾਂ-ਮਜ਼ਦੂਰਾਂ ਵੱਲੋਂ ਟਰੈਕਟਰ ਅਤੇ ਵਹੀਕਲਾਂ ਸਮੇਤ ਸੜਕਾਂ ’ਤੇ ਉਤਰ ਕੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਸਕੀਮ ਵਿਰੁੱਧ ਇਕ ਵੱਡੇ ਅੰਦੋਲਨ ਦੀ ਤਿਆਰੀ ਕਰ ਲਈ ਹੈ। ਅੱਜ ਕਿਸਾਨਾਂ ਨੇ ਸੈਂਕੜੇ ਟਰੈਕਟਰ ਲੈ ਕੇ ਜਿੱਥੇ ਜ਼ੋਰਦਾਰ ਰੋਸ ਮਾਰਚ ਕੀਤਾ, ਉੱਥੇ ਡੀ. ਸੀ. ਦਫ਼ਤਰ ਨੂੰ ਵੀ ਘੇਰਿਆ। ਇਸ ਮੌਕੇ ਐੱਸ. ਡੀ. ਐੱਮ. ਨੇ ਆ ਕੇ ਕਿਸਾਨਾਂ ਕੋਲੋਂ ਮੰਗ-ਪੱਤਰ ਪ੍ਰਾਪਤ ਕੀਤਾ।
ਇਸ ਮੌਕੇ ਕਿਸਾਨਾਂ ਨੇ ਅਹਿਦ ਕੀਤਾ ਕਿ ਉਹ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਹੜੱਪ ਕੇ ਪਿੰਡਾਂ ਨੂੰ ਉਜਾੜਨ ਵਾਲੀ ਇਸ ਲੋਕ ਵਿਰੋਧੀ ਸਕੀਮ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਤੱਕ ਸੰਘਰਸ਼ ਕਰਨਗੇ। ਇਸ ਮਾਰਚ ਦੌਰਾਨ ਲੈਂਡ ਪੂਲਿੰਗ ਸਕੀਮ ਅਧੀਨ ਆਉਣ ਵਾਲੇ ਪਸਿਆਣਾ, ਸ਼ੇਰਮਾਜਰਾ, ਸਨੌਰ ਅਤੇ ਚੌਰਾ ਆਦਿ ਪਿੰਡਾਂ ਨੂੰ ਵਿਸ਼ੇਸ਼ ਤੌਰ ’ਤੇ ਕਵਰ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸ਼ਹਿਰੀਕਰਨ ਦੇ ਨਾਂ ਹੇਠ ਪਿੰਡਾਂ ਨੂੰ ਉਜਾੜਨ ਵਾਲੀ ਲੈਂਡ ਪੂਲਿੰਗ ਸਕੀਮ ਪ੍ਰਤੀ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਕਾਰਪੋਰੇਟ ਕੰਪਨੀਆਂ ਦੇ ਸਰਵਿਸ ਸੈਕਟਰ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਉਪਜਾਊ ਜ਼ਮੀਨਾਂ ਤੋਂ ਲੋਕਾਂ ਦੇ ਉਜਾੜੇ ਦਾ ਮੁੱਢ ਬੰਨਿਆ ਜਾ ਰਿਹਾ ਹੈ।
ਇਸ ਦੌਰਾਨ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਅਹੁਦੇਦਾਰ ਅਤੇ ਹੋਰ ਕਿਸਾਨ ਟਰੈਕਟਰ ਲੈ ਕੇ ਸੜਕਾਂ ਉੱਪਰ ਉਤਰੇ, ਜਿਨ੍ਹਾਂ ਦੇ ਨਾਲ ਕਿਸਾਨ ਬੀਬੀਆਂ ਨੇ ਵੀ ਖੁਦ ਟਰੈਕਟਰ ਚਲਾ ਕੇ ਇਸ ਰੋਸ ਮਾਰਚ ਵਿਚ ਹਿੱਸਾ ਲਿਆ। ਕਿਸਾਨ ਬੀਬੀਆਂ ਨੇ ਵੀ ਆਪਣੇ ਟਰੈਕਟਰਾਂ ਉੱਪਰ ਕਾਲੇ ਝੰਡੇ ਲਗਾਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਆਪਣੇ ਪਿੰਡ ਦੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਣਗੇ।
Read More : ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਭੇਜਿਆ 113.24 ਕਰੋੜ ਦਾ ਬਿੱਲ