12 ਸਾਲਾ ਬੱਚੇ ਸਮੇਤ 2 ਜ਼ਖਮੀ
ਰਾਜਪੁਰਾ, 11 ਸਤੰਬਰ : ਰਾਜਪੁਰਾ ਪਟਿਆਲਾ ਰੋਡ ’ਤੇ ਚੂਨਾ ਭੱਠੀ ਦੇ ਸਾਹਮਣੇ ਹੋਏ ਇਕ ਭਿਆਨਕ ਸੜਕ ਹਾਦਸੇ ’ਚ ਦਾਦੀ ਪੋਤੀ ਸਮੇਤ ਤਿੰਨ ਦੀ ਮੌਤ ਹੋ ਗਈ ਹੈ ਅਤੇ ਦੋ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਯਸ਼ੋਧਾ ਦੇਵੀ (60) ਆਪਣੀ ਪੋਤੀ ਅਨੰਨਿਆ (13) ਅਤੇ ਪੋਤੇ ਬੀਰ (12) ਨਾਲ ਸਬਜ਼ੀ ਮੰਡੀ ਜਾ ਰਹੀ ਸੀ। ਉਨ੍ਹਾਂ ਦੇ ਪਿੱਛੇ ਹੀ ਗਣੇਸ਼ ਕਾਲੋਨੀ ਵਾਸੀ ਪ੍ਰਦੀਪ ਰਿਸ਼ੀ ਦੇਵ (45) ਜਾ ਰਿਹਾ ਸੀ। ਜਦੋਂ ਉਹ ਗਣੇਸ਼ ਕਾਲੋਨੀ ਤੋਂ ਪਟਿਆਲਾ ਰੋਡ ਉੱਤੇ ਚੜ੍ਹੇ ਤਾਂ ਪਿੱਛੋਂ ਪਟਿਆਲੇ ਵੱਲੋਂ ਆਈ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਯਸ਼ੋਧਾ ਦੇਵੀ ਉਸ ਦੀ ਪੋਤੀ ਅਨੰਨਿਆ ਅਤੇ ਉਨ੍ਹਾਂ ਦੇ ਪਿੱਛੇ ਆ ਰਹੇ ਪ੍ਰਦੀਪ ਰਿਸ਼ੀਦੇਵ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪੋਤਾ ਬੀਰ ਗੰਭੀਰ ਜ਼ਖਮੀ ਹੋ ਗਿਆ।
ਟੱਕਰ ਇੰਨੀ ਭਿਆਨਕ ਸੀ ਕਿ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਕਈ ਫੁੱਟ ਉੱਛਲ ਕੇ ਦੂਰ ਜਾ ਡਿੱਗੀਆਂ। ਯਸ਼ੋਧਾ ਦੇਵੀ ਦਾ ਪੋਤਾ ਬੀਰ ਉਮਰ 12 ਸਾਲ ਅਤੇ ਗੱਡੀ ਦਾ ਡਰਾਈਵਰ ਅਖਿਲ ਕਸ਼ਯਪ ਵੀ ਜ਼ਖਮੀ ਹੋ ਗਏ। ਲਾਸ਼ਾਂ ਨੂੰ ਪੋਸਟਮਾਰਟਮ ਲਈ, ਜ਼ਖਮੀ ਹੋਏ ਬੀਰ ਅਤੇ ਗੱਡੀ ਚਾਲਕ ਅਖਿਲ ਕਸ਼ਯਪ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਜ਼ਖਮੀ ਹੋਏ ਬੱਚੇ ਬੀਰ ਪੁੱਤਰ ਮੁੰਨਾ ਅਤੇ ਚਾਲਕ ਨੂੰ ਇਲਾਜ ਲਈ ਚੰਡੀਗੜ੍ਹ 32 ਸੈਕਟਰ ਦੇ ਹਸਪਤਾਲ ਰੈਫਰ ਕਰ ਦਿੱਤਾ।
ਇਸ ਦੌਰਾਨ ਜਾਂਚ ਅਧਿਕਾਰੀ ਏ. ਐੱਸ. ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਗੱਡੀ ਦੇ ਡਰਾਈਵਰ ਅਖਿਲ ਕਸ਼ਯਪ ਦੇ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਲਾਰੈਂਸ ਬਿਸ਼ਨੋਈ ਦੇ ਜੱਦੀ ਪਿੰਡ ਦੁਤਾਰਾਂਵਾਲੀ ਸਥਿਤ ਘਰ ’ਚ ਪੁਲਸ ਦਾ ਛਾਪਾ