barbed wire

ਰਾਵੀ ’ਚ ਪਾਣੀ ਵਧਿਆ, ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਗੇਟ ਪਾਣੀ ’ਚ ਡੁੱਬੇ

ਜ਼ਿਲਾ ਪ੍ਰਸ਼ਾਸਨ ਨੇ ਦਰਿਆ ਕਿਨਾਰੇ ਵਸੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ

ਗੁਰਦਾਸਪੁਰ, 18 ਅਗਸਤ : ਜੰਮੂ-ਕਸ਼ਮੀਰ ਦੇ ਕਠੂਆ ਦੇ ਪਹਾੜੀ ਇਲਾਕਿਆਂ ’ਚ ਭਾਰੀ ਮੀਂਹ ਅਤੇ ਬੱਦਲ ਫਟਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਅੱਜ ਫਿਰ ਤੋਂ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਦਰਿਆ ਦੇ ਕੰਢੇ ਤੋਂ ਕਰੀਬ 200 ਮੀਟਰ ਦੀ ਦੂਰੀ ਬਣਾਈ ਰੱਖਣ ਲਈ ਕਿਹਾ ਹੈ, ਕਿਉਂਕਿ ਪਤਾ ਨਹੀਂ ਕਦੋਂ ਦਰਿਆ ’ਚ ਪਾਣੀ ਦਾ ਪੱਧਰ ਵਧੇਗਾ।

ਭਾਰਤ-ਪਾਕਿਸਤਾਨ ਸਰਹੱਦ ’ਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਲਗਾਈ ਕੰਡਿਆਲੀ ਤਾਰ ਵੀ ਰਾਵੀ ਦਰਿਆ ਦੇ ਪਾਣੀ ’ਚ ਡੁੱਬ ਗਈ ਹੈ, ਜਿਸ ਕਾਰਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਲਈ ਕੰਡਿਆਲੀ ਤਾਰ ਨਜ਼ਦੀਕ ਡਿਊਟੀ ਕਰਨਾ ਮੁਸ਼ਕਲ ਹੋ ਗਿਆ ਹੈ। ਇਸੇ ਤਰ੍ਹਾਂ ਕੰਡਿਆਲੀ ਤਾਰ ਦੇ ਪਾਰ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ’ਤੇ ਖੇਤੀ ਕਰਨ ਦੇ ਯੋਗ ਬਣਾਉਣ ਲਈ ਕੰਡਿਆਲੀ ਤਾਰ ’ਚ ਬਣਾਏ ਗਏ ਗੇਟ ਵੀ ਦਰਿਆ ਦੇ ਪਾਣੀ ਦੇ ਪ੍ਰਭਾਵ ਕਾਰਨ ਬੰਦ ਹੋ ਗਏ ਹਨ। ਕਿਸਾਨਾਂ ਲਈ ਕੰਡਿਆਲੀ ਤਾਰ ਪਾਰ ਕਰਨਾ ਮੁਸ਼ਕਲ ਹੋ ਗਿਆ ਹੈ।

7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ

ਦੂਜੇ ਪਾਸੇ ਰਾਵੀ ਦਰਿਆ ਦੇ ਪਾਰ ਮਕੌੜਾ ਪੱਤਣ ਦੇ ਸਾਹਮਣੇ ਸਥਿਤ 7 ਪਿੰਡ ਵੀ ਦੇਸ਼ ਤੋਂ ਕੱਟੇ ਹੋਏ ਹਨ। ਮਕੌੜਾ ਪੱਤਣ ’ਤੇ ਰਾਵੀ ਦਰਿਆ ਦੇ ਪਾਰ ਸਥਿਤ ਪਿੰਡਾਂ ’ਚ ਜਾਣ ਲਈ ਕਿਸ਼ਤੀ ਸੇਵਾ ਵੀ ਪਾਣੀ ਦੇ ਤੇਜ਼ ਵਹਾਅ ਕਾਰਨ ਬੰਦ ਕਰ ਦਿੱਤੀ ਗਈ ਹੈ। ਅੱਜ ਸੋਮਵਾਰ ਹੋਣ ਦੇ ਬਾਵਜੂਦ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਲਈ ਦਰਿਆ ਦੇ ਪਾਰ ਦੇ ਪਿੰਡਾਂ ’ਚ ਨਹੀਂ ਜਾ ਸਕੇ।

ਸੀਮਾ ਸੁਰੱਖਿਆ ਬਲ ਦੇ ਜਵਾਨ ਹੋਰ ਸੁਚੇਤ

ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵੱਧ ਹੋਣ ਕਾਰਨ ਬੀ. ਐੱਸ. ਐੱਫ. ਦੇ ਜਵਾਨਾਂ ਲਈ ਕੰਡਿਆਲੀ ਤਾਰ ਤੱਕ ਪਹੁੰਚਣਾ ਮੁਸ਼ਕਲ ਹੈ ਪਰ ਜਵਾਨ ਪਹਿਲਾਂ ਨਾਲੋਂ ਵੀ ਜ਼ਿਆਦਾ ਚੌਕਸੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਬੀ. ਐੱਸ. ਐੱਫ. ਦੇ ਜਵਾਨ ਸਰਹੱਦ ’ਤੇ ਰਹਿਣ ਵਾਲੇ ਲੋਕਾਂ ਨੂੰ ਵੀ ਦਰਿਆ ਦੇ ਪਾਣੀ ਤੋਂ ਦੂਰ ਰਹਿਣ ਲਈ ਜਾਗਰੂਕ ਕਰ ਰਹੇ ਹਨ।

ਜ਼ਿਲਾ ਪ੍ਰਸ਼ਾਸਨ ਹਰ ਸਥਿਤੀ ’ਤੇ ਰੱਖ ਰਿਹਾ ਨਜ਼ਰ : ਡੀ. ਸੀ.

ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਅਨੁਸਾਰ ਭਾਵੇਂ ਰਾਵੀ ਅਤੇ ਬਿਆਸ ਦਰਿਆਵਾਂ ’ਚ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੈ ਪਰ ਇਸ ਦੇ ਬਾਵਜੂਦ ਸਥਿਤੀ ਕਾਬੂ ਹੇਠ ਹੈ। ਰਾਵੀ ਦਰਿਆ ਦੇ ਕੰਢੇ ਰਹਿਣ ਵਾਲੇ ਗੁੱਜਰਾਂ ਨੂੰ ਫਿਲਹਾਲ ਹਟਾ ਦਿੱਤਾ ਗਿਆ ਹੈ ਅਤੇ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਹੈ ਪਰ ਜ਼ਿਲਾ ਪ੍ਰਸ਼ਾਸਨ ਹਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ।

Read More : ਕੈਬਨਿਟ ਮੰਤਰੀ ਸੰਜੀਵ ਅਰੋੜਾ ਬਣੇ ਨਵੇਂ ਬਿਜਲੀ ਮੰਤਰੀ

Leave a Reply

Your email address will not be published. Required fields are marked *