ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਹਾਇਤਾ ਲਈ ਕੀਤੇ ਕਾਰਜਸ਼ੀਲ : ਪ੍ਰਤਾਪ ਸਿੰਘ
ਅੰਮ੍ਰਿਤਸਰ, 26 ਅਗਸਤ : ਪੰਜਾਬ ’ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਲੋਕਾਂ ਲਈ ਜਿਥੇ ਸਹਾਇਤਾ ਕੇਂਦਰ ਸਥਾਪਤ ਕੀਤੇ ਗਏ ਹਨ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੰਗ ਅਨੁਸਾਰ ਲੋੜੀਂਦੀਆਂ ਜ਼ਰੂਰਤਾਂ ਵਾਸਤੇ ਵੀ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਹੜ੍ਹ ਪੀਡ਼ਤਾਂ ਦੀ ਸਹੂਲਤ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਰੋਪੜ, ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਕਪੂਰਥਲਾ, ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਅੰਮ੍ਰਿਤਸਰ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਤਰਨਤਾਰਨ, ਗੁਰਦੁਆਰਾ ਭਾਗ ਸਾਹਿਬ ਪਾਤਸ਼ਾਹੀ ਦਸਮ ਕੋਟਲਾ ਨਿਹੰਗ ਰੋਪੜ, ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਰੁੂਪਨਗਰ, ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ ਲੁਧਿਆਣਾ, ਗੁਰਦੁਆਰਾ ਸ੍ਰੀ ਬਾਠ ਸਾਹਿਬ ਪਠਾਨਕੋਟ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਾਮਦਾਸ ਅੰਮ੍ਰਿਤਸਰ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰਦਾਸਪੁਰ, ਗੁਰਦੁਆਰਾ ਚੋਹਲਾ ਸਾਹਿਬ ਪਾਤਸ਼ਾਹੀ ਪੰਚਮ ਤਰਨ ਤਾਰਨ, ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਪਾਤਸ਼ਾਹੀ ਦਸਮ ਬਜੀਦਪੁਰ ਫਿਰੋਜ਼ਪੁਰ, ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਡੱਲਾ ਕਪੂਰਥਲਾ, ਗੁਰਦੁਆਰਾ ਭਾਈ ਤਾਰਾ ਸਿੰਘ ਜੀ ਸ਼ਹੀਦ ਪਿੰਡ ਤਰਨ ਤਾਰਨ, ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪਿੰਡ ਰਤੋਕੇ ਤਰਨ ਤਾਰਨ ’ਚ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਸਹਾਇਤਾ ਲਈ ਸੰਪਰਕ ਕਰਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਜ਼ਿਲਿਆਂ ’ਚ ਬਣੇ ਹੜ੍ਹ ਦੇ ਹਾਲਾਤਾਂ ਦੇ ਮੱਦੇਨਜ਼ਰ ਬੀਤੇ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ’ਚ ਸਹਾਇਤਾ ਕੇਂਦਰ ਸਥਾਪਤ ਕਰ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਮੈਨੇਜਰ ਸਾਹਿਬਾਨ ਨੂੰ ਆਦੇਸ਼ ਜਾਰੀ ਕਰ ਦਿੱਤੇ ਸਨ। ਮੌਜੂਦਾ ਸਮੇਂ ’ਚ ਹੜ੍ਹ ਦੇ ਹਾਲਤ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ’ਚ ਰਿਹਾਇਸ਼, ਲੰਗਰ ਅਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਕੀਤੇ ਹਨ।
Read More : ਆਕਸੀਜਨ ਦੀ ਘਾਟ ਕਾਰਨ ਮਣੀਮਹੇਸ਼ ਯਾਤਰਾ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ