ਮੋਗਾ, 27 ਜੁਲਾਈ : ਮੋਗਾ ’ਚ ਇਕ 8 ਸਾਲ ਦੇ ਮੁੰਡੇ ਨਾਲ ਉਸਦੇ ਤਿੰਨ ਨਾਬਾਲਗ ਦੋਸਤਾਂ ਵਲੋਂ ਕਥਿਤ ਤੌਰ ’ਤੇ ਬਦਫੈਲੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਪੁਲਸ ਨੇ ਪੀੜਤ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਨਾਬਾਲਗ ਦੋਸ਼ੀ ਮੁੰਡਿਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਨੇ ਦੱਸਿਆ ਕਿ ਹਸਪਤਾਲ ਤੋਂ ਪੀੜਤ ਦਾ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਉਸਦਾ ਬਿਆਨ ਮਾਣਯੋਗ ਅਦਾਲਤ ਵਿਚ ਦਰਜ ਕੀਤਾ ਗਿਆ ਹੈ।
ਪੀੜਤ ਦੀ ਮਾਂ ਨੇ ਕਿਹਾ ਕਿ 10 ਜੁਲਾਈ ਨੂੰ ਮੇਰੇ ਪੁੱਤਰ ਨੂੰ ਉਸਦੇ ਦੋਸਤਾਂ ਨੇ ਘਰੋਂ ਬੁਲਾਇਆ ਅਤੇ ਉਸਨੂੰ ਇਕ ਕਮਰੇ ਵਿਚ ਬੰਦ ਕਰ ਕੇ ਬਦਫੈਲੀ ਕੀਤੀ, ਮੇਰਾ ਪੁੱਤਰ ਇੰਨਾ ਡਰਿਆ ਹੋਇਆ ਸੀ ਕਿ ਉਸਨੇ ਘਰ ਵਿਚ ਕਿਸੇ ਨੂੰ ਵੀ ਨਹੀਂ ਦੱਸਿਆ। ਜਦੋਂ ਸਾਨੂੰ ਪਤਾ ਲੱਗਾ ਕਿ ਉਸਦੀ ਹਾਲਤ ਖਰਾਬ ਹੈ, ਤਾਂ ਉਸ ਤੋਂ ਹੋਰ ਪਰਿਵਾਰਕ ਮੈਂਬਰਾਂ ਨੇ ਪੁੱਛਗਿੱਛ ਕੀਤੀ, ਫਿਰ ਉਸਨੇ ਸਭ ਕੁਝ ਦੱਸਿਆ, ਜਿਸ ’ਤੇ ਅਸੀਂ ਆਪਣੇ ਪੁੱਤਰ ਨੂੰ ਹਸਪਤਾਲ ਲੈ ਗਏ ਅਤੇ ਪੁਲਸ ਨੂੰ ਵੀ ਸੂਚਿਤ ਕੀਤਾ।
ਇਸ ਸਬੰਧ ਵਿਚ ਜ਼ਿਲਾ ਪੁਲਸ ਮੁਖੀ ਤੋਂ ਵੀ ਇਨਸਾਫ਼ ਦੀ ਗੁਹਾਰ ਲਾਈ ਗਈ। ਪੀੜਤ ਪਰਿਵਾਰ ਨੇ ਇਕ ਕੌਂਸਲਰ ’ਤੇ ਉਨ੍ਹਾਂ ਨੂੰ ਧਮਕੀਆਂ ਦੇਣ ਦਾ ਦੋਸ਼ ਵੀ ਲਾਇਆ ਪਰ ਕੌਂਸਲਰ ਨੇ ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਕਥਿਤ ਦੋਸ਼ੀ ਨਾਬਾਲਗ ਨੌਜਵਾਨਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : 35 ਕਰੋੜ ਹੈਰੋਇਨ ਸਮੇਤ ਸਮੱਗਲਰ ਗ੍ਰਿਫ਼ਤਾਰ