ਮੋਗਾ, 19 ਅਗਸਤ : ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਬੁੱਟਰ ਕਲਾਂ ਵਿਖੇ ਮੱਕੀ ਦਾ ਆਚਾਰ ਬਣਾਉਣ ਵਾਲੀ ਮਸ਼ੀਨ ਦੇ ਪੈਸਿਆਂ ਨੂੰ ਲੈ ਕੇ ਹੋਏ ਲੜਾਈ ਝਗੜੇ ਵਿਚ ਸੁਖਵਿੰਦਰ ਸਿੰਘ ਧਾਲੀਵਾਲ ਨਿਵਾਸੀ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਦੀ ਉਸ ਦੇ ਮਾਮਾ ਸਹੁਰਾ ਸੁਖਮੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਇਲਾਵਾ ਅਣਪਛਾਤੇ ਵਿਅਕਤੀਆਂ ਵਲੋਂ ਕੁੱਟ-ਮਾਰ ਕਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧ ਵਿਚ ਬੱਧਨੀ ਕਲਾਂ ਪੁਲਸ ਵਲੋਂ ਮ੍ਰਿਤਕ ਦੀ ਪਤਨੀ ਰਵਿੰਦਰ ਕੌਰ ਧਾਲੀਵਾਲ ਦੀ ਸ਼ਿਕਾਇਤ ’ਤੇ ਸੁਖਮੰਦਰ ਸਿੰਘ ਉਸਦੇ ਬੇਟੇ ਨਰਿੰਦਰ ਸਿੰਘ ਉਰਫ ਨਵੀ, ਪਰਮਵੀਰ ਸਿੰਘ, ਵਰਿੰਦਰ ਸਿੰਘ, ਕੁਲਜੀਤ ਕੌਰ, ਹਰਜੀਤ ਕੌਰ ਸਾਰੇ ਨਿਵਾਸੀ ਢਿੱਲੋਂ ਪੱਤੀ ਬੁੱਟਰ ਕਲਾਂ, ਤਰਨਦੀਪ ਕੌਰ ਨਿਵਾਸੀ ਪਿੰਡ ਨੈਨੇਵਾਲਾ ਬਰਨਾਲਾ ਅਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਮਾਮਾ ਸਹੁਰਾ ਸੁਖਮੰਦਰ ਨੂੰ ਮੱਕੀ ਦਾ ਅਚਾਰ ਬਣਾਉਣ ਵਾਲੀ ਮਸ਼ੀਨ ਕਰੀਬ 2 ਸਾਲ ਪਹਿਲਾਂ ਵੇਚੀ ਸੀ ਅਤੇ ਉਨ੍ਹਾਂ ਕੁਝ ਪੈਸੇ ਲੈ ਲਏ ਅਤੇ ਬਾਕੀ ਲੈਣੇ ਸਨ।
ਇਸ ਸਬੰਧ ਵਿਚ ਉਨ੍ਹਾਂ ਦਾ ਇਕਰਾਰਨਾਮਾ ਵੀ ਹੋਇਆ ਸੀ ਉਹ 4 ਅਗਸਤ ਤੱਕ ਪੈਸੇ ਦੇ ਦੇਣਗੇ, ਨਹੀਂ ਤਾਂ ਆਪਣੀ ਮਸ਼ੀਨ ਲੈ ਜਾਣ, ਪਰ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ। ਜਦੋਂ ਸੁਖਵਿੰਦਰ ਸਿੰਘ ਆਪਣੇ ਮਾਮਾ ਸਹੁਰਾ ਦੇ ਘਰ ਪੈਸੇ ਲੈਣ ਲਈ ਗਿਆ ਤਾਂ ਕਿਹਾ ਕਿ ਪੈਸੇ ਦੇ ਦਿਉ ਜਾਂ ਮਸ਼ੀਨ ਤਾਂ ਉਨ੍ਹਾਂ ਦਾ ਆਪਸ ਵਿਚ ਤਕਰਾਰ ਹੋ ਗਿਆ।
ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਮੇਰੇ ਪਤੀ ਨੂੰ ਉਹ ਮਾੜਾ ਚੰਗਾ ਬੋਲਣ ਲੱਗ ਪਏ ਅਤੇ ਮੇਰੇ ਪਤੀ ਸੁਖਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ’ਤੇ ਮੇਰਾ ਪਤੀ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਮੁਲਜਮਾ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਮੁਨੀਸ਼ ਸਿਸੋਦੀਆ ਦੇ ਹੱਕ ਵਿਚ ਪ੍ਰਧਾਨ ਅਮਨ ਅਰੋੜਾ